Sangrur News : ਸਥਾਨਕ ਸਰਕਾਰੀ ਆਈਟੀਆਈ (ਕੁੜੀਆਂ) ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਦਿੱਲੀ ਜੰਤਰ-ਮੰਤਰ ਵਿੱਚ ਚੱਲ ਰਹੇ ਓਲੰਪਿਕ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਨਾਲ ਹੀ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵੱਲੋਂ ਕੀਤੇ ਜਿਣਸੀ ਸ਼ੋਸ਼ਣ ਖਿਲਾਫ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਮੋਦੀ ਹਕੂਮਤ ਦੇ ਰਾਜ ਵਿੱਚ ਔਰਤਾਂ ਉੱਤੇ ਜ਼ਬਰ ਸਭ ਹੱਦਾਂ ਪਾਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਇੱਕ ਪਾਸੇ ਤਾਂ ਮੋਦੀ ਸਰਕਾਰ "ਬੇਟੀ ਬਚਾਓ ਬੇਟੀ ਪੜ੍ਹਾਓ" ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ ਮੋਦੀ ਸਰਕਾਰ ਵੱਲੋਂ ਚਾਰ ਮਹੀਨੇ ਤੋਂ ਇਨਸਾਫ ਦੀ ਮੰਗ ਕਰ ਰਹੇ ਪਹਿਲਵਾਨਾਂ ਦੀ ਆਵਾਜ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਬੀਜੇਪੀ ਨੇਤਾ ਬ੍ਰਿਜ ਭੂਸ਼ਣ ਸਿੰਘ ਦਾ ਬਚਾਅ ਕੀਤਾ ਜਾ ਰਿਹਾ ਹੈ। ਸੰਘਰਸ਼ਸ਼ੀਲ ਪਹਿਲਵਾਨ ਕੁੜੀਆਂ ਦੀ ਅਵਾਜ਼ ਨੂੰ ਦਬਾਉਣ ਲਈ ਪੁਲਿਸੀ ਜਬਰ ਕੀਤਾ ਜਾ ਰਿਹਾ ਅਤੇ ਹੋਰ ਉਹ ਹਰਬਾ ਵਰਤਿਆ ਜਾ ਰਿਹਾ ਕਿ ਜ਼ੋ ਇਹ ਸੰਘਰਸ਼ ਫੇਲ੍ਹ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਹੇਮਕੁੰਟ ਸਾਹਿਬ ਦੀ ਯਾਤਰਾ ਲਈ 17 ਮਈ ਨੂੰ ਜਾਏਗਾ ਪਹਿਲਾ ਜਥਾ, 20 ਮਈ ਨੂੰ ਖੁੱਲ੍ਹਗੇ ਕਿਵਾੜ
ਵਿਦਿਆਰਥੀ ਆਗੂ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਇਨ੍ਹਾਂ ਪਹਿਲਵਾਨਾਂ ਨੇ ਜੰਤਰ-ਮੰਤਰ ਵਿਖੇ ਧਰਨਾ ਦੇ ਕੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਪਰਚਾ ਦਰਜ ਕਰਨ ਤੇ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਸੀ ਪਰ ਖੇਡ ਮੰਤਰਾਲੇ ਵੱਲੋਂ ਇੱਕ ਕਮੇਟੀ ਬਣਾ ਕੇ ਮਾਮਲੇ ਦੀ ਪੜਤਾਲ ਕਰਨ ਤੇ ਕਰਵਾਈ ਕਰਨ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ ਸੀ ਪਰ ਹੁਣ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਮੇਟੀ ਨੇ ਪੜਤਾਲ 'ਤੇ ਕਰਵਾਈ ਸਬੰਧੀ ਕੋਈ ਰਿਪੋਰਟ ਜਨਤਕ ਨਹੀਂ ਕੀਤੀ। ਹੁਣ ਦੁਬਾਰਾ ਫਿਰ ਕੁਸ਼ਤੀ ਪਹਿਲਵਾਨਾਂ ਵੱਲੋਂ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਖਿਡਾਰੀਆਂ ਦੀ ਇੱਕਮੁੱਠਤਾ ਸਦਕਾ ਜਦੋਂ ਜਿਣਸੀ ਸ਼ੋਸ਼ਣ ਦਾ ਮਾਮਲਾ ਭਖਿਆ ਤਾਂ ਦਬਾਅ ਹੇਠ ਕੁਸ਼ਤੀ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਤੇ ਦੋ ਪਰਚੇ ਦਰਜ ਕੀਤੇ ਗਏ ਹਨ ਪਰ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਉਸਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਹਿਲਵਾਨਾਂ ਨੂੰ ਮਿਲਿਆ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਦਾ ਸਮਰਥਨ, 7 ਮਈ ਨੂੰ ਹਜ਼ਾਰਾਂ ਔਰਤਾਂ ਪੁੱਜਣਗੀਆਂ ਜੰਤਰ-ਮੰਤਰ
ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਬ੍ਰਿਜ ਭੂਸ਼ਣ ਨੂੰ ਫੌਰੀ ਗਿਰਫ਼ਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ,ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਨਿਰਪੱਖ ਜਾਂਚ ਲਈ ਯੋਗ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਮੌਕੇ ਆਈਟੀਆਈ ਵਿਦਿਆਰਥਣਾਂ ਕਮਲਜੀਤ ਸੋਨੀਆ, ਅਰਸ਼ਦੀਪ ਕੌਰ, ਸੁਖਪ੍ਰੀਤ ਕੌਰ ਅਤੇ ਰਣਬੀਰ ਕਾਲਜ ਦੇ ਨੁਮਾਇੰਦੇ ਸਹਿਜ ਦਿੜ੍ਹਬਾ,ਸਾਹਿਬ ਦਿੜ੍ਹਬਾ, ਜਸਲੀਨ ਕੌਰ ਚੀਮਾਂ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।