Sangrur News : ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ 70ਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੇ 44ਵੇਂ ਸ਼ਹੀਦ ਦਿਨ ਮੌਕੇ 'ਕੱਠੇ ਹੋ ਕੇ ਮਨਾਇਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਕਾਲਜ ਕਮੇਟੀ ਮੈਂਬਰ ਗੁਰਜਿੰਦਰ ਸਿੰਘ ਲਾਡਬੰਜਾਰਾ ਕਲਾਂ ਨੇ ਦੱਸਿਆ ਕਿ ਇੱਕਤਰ ਹੋਏ ਵਿਦਿਆਰਥੀਆਂ ਦੁਆਰਾ ਪ੍ਰਿਥੀਪਾਲ ਸਿੰਘ ਰੰਧਾਵਾ ਹੋਰਾਂ ਦੀ ਅਗਵਾਈ 'ਚ ਪੀ.ਐੱਸ.ਯੂ. ਵੱਲੋੰ ਲੜੇ ਗਏ ਘੋਲਾਂ ਦੀ ਚਰਚਾ ਕੀਤੀ ਗਈ। 

 

ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਵਿਦਿਆਰਥੀ ਆਗੂਆਂ ਨੇ ਦੱਸਿਆ ਸ਼ਹੀਦ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਨੇ ਸ਼ਾਨਾਂਮੱਤੀ ਰਵਾਇਤਾਂ ਸਿਰਜੀਆਂ ਹਨ। ਵਿਦਿਆਰਥੀਆਂ ਨੂੰ ਮਾਣ ਸਨਮਾਨ ਨਾਲ ਜਿਉਂਣ ਦਾ ਬਲ ਸਿਖਾਇਆ ਹੈ। ਸ਼ਹੀਦ ਪਿਰਥੀਪਾਲ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਜੱਥੇਬੰਦ ਹੋਣ ਦਾ ਰਾਹ ਦਿਖਾਇਆ ਅਤੇ ਸੰਘਰਸ਼ਾਂ ਦੀ ਚਿਣਗ ਲਾਈ। ਉਹ ਲਗਪਗ 7 ਸਾਲ ਪੀਐੱਸਯੂ ਦਾ ਜਨਰਲ ਸਕੱਤਰ ਰਿਹਾ। ਉਹਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕਈ ਘੋਲ ਲੜੇ ਅਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। 

 

ਰੀਗਲ ਸਿਨੇਮੇ 'ਚ ਗੁੰਡਾਗਰਦੀ ਦੇ ਮਸਲੇ ਤੋਂ ਸ਼ੁਰੂ ਹੋਏ ਘੋਲ 'ਚ ਪੁਲਸ ਅਤੇ ਸਰਕਾਰੀ ਦਹਿਸ਼ਤ ਚਕਨਾਚੂਰ ਕੀਤੀ। ਪੰਜਾਬ ਦੇ ਲੋਕਾਂ ਨੂੰ ਇਨਕਲਾਬੀ ਝੰਜੋੜਾ ਦਿੱਤਾ। ਕਾਲਜਾਂ 'ਚ ਹੁੰਦੀ ਗੁੰਡਾਗਰਦੀ ਨੂੰ ਨੱਥ ਪਾਈ , ਵਿਦਿਆਰਥੀਆਂ ਦੀ ਪੁੱਗਤ ਸਥਾਪਤ ਕੀਤੀ। ਚਿੱਤ ਦੀਆਂ ਪੁਗਾਉਣ ਵਾਲੇ ਅਫ਼ਸਰਾਂ ਅਤੇ ਅਧਿਕਾਰੀਆਂ ਦੇ ਹੱਥ ਬੰਨ੍ਹੇ। ਸੁਖਾਵੇਂ ਤੇ ਉਸਾਰੂ ਮਾਹੌਲ ਦੀ ਸਿਰਜਣਾ ਕੀਤੀ। ਪਹਿਲੀ ਵਾਰ ਬੱਸ ਪਾਸ , ਸਸਤੀਆਂ ਮੈੱਸ - ਕੰਟੀਨਾਂ , ਹੋਸਟਲਾਂ ਤੇ ਕਿਤਾਬਾਂ ਕਾਪੀਆਂ ਦੀ ਸਹੂਲਤ ਹਾਸਲ ਕੀਤੀ। ਕਈ ਵਾਰ ਫ਼ੀਸਾਂ ਦੇ ਵਾਧੇ ਰੱਦ ਕਰਵਾਏ। 1975 'ਚ ਕਾਂਗਰਸੀ ਹਾਕਮਾਂ ਵੱਲੋਂ ਲਾਈ ਗਈ ਐਮਰਜੈਂਸੀ ਦਾ ਜ਼ੋਰਦਾਰ ਵਿਰੋਧ ਕੀਤਾ। ਪਿਰਥੀ ਡੇਢ ਸਾਲ ਜੇਲ੍ਹ 'ਚ ਰਿਹਾ। ਪੁਲਸ ਤਸ਼ੱਦਦ ਦਾ ਡਟ ਕੇ ਸਾਹਮਣਾ ਕੀਤਾ। 18 ਜੁਲਾਈ 1979 ਨੂੰ ਗੁੰਡਾ ਗ੍ਰੋਹ ਵੱਲੋਂ ਅਗਵਾ ਕਰਕੇ ਭਾਰੀ ਤਸ਼ੱਦਦ ਤੋਂ ਬਾਅਦ ਸ਼ਹੀਦ ਕਰ ਦਿੱਤਾ।


 ਵਿਦਿਆਰਥੀਆਂ ਆਗੂਆਂ ਕਿਹਾ ਕਿ ਇਸ ਵੇਲੇ ਪੰਜਾਬ ਸਿੱਖਿਆ ਤੇ ਰੁਜਗਾਰ ਦੇ ਵੱਡੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਸਰਕਾਰੀ ਯੂਨੀਵਰਸਿਟੀਆਂ ਕਰਜ਼ਈ ਹਨ ਤੇ ਵੱਡੇ ਬਜਟ ਘਾਟਿਆਂ ਦਾ ਸ਼ਿਕਾਰ ਹਨ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 26 ਸਾਲਾਂ ਤੋਂ ਪ੍ਰੋਫ਼ੈਸਰਾਂ ਦੀ ਪੱਕੀ ਭਰਤੀ ਨਹੀਂ ਕੀਤੀ ਗਈ , ਜਿਸ ਕਰਕੇ 70 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। 64 ਸਰਕਾਰੀ ਕਾਲਜਾਂ ਚੋਂ ਸਿਰਫ਼ 8 ਕਾਲਜਾਂ 'ਚ ਹੀ ਲਾਇਬ੍ਰੇਰੀਅਨ ਹਨ ਬਾਕੀ ਦੇ ਕਾਲਜਾਂ ਦੀਆਂ ਲਾਇਬਰੇਰੀਆਂ ਲਾਇਬ੍ਰੇਰੀਅਨਾਂ ਦੀ ਘਾਟ ਕਾਰਨ ਪੂਰਾ ਪੂਰਾ ਸਮੈਸਟਰ ਬੰਦ ਪਈਆਂ ਰਹਿੰਦੀਆਂ ਹਨ। ਅੱਜ ਦੇ ਸਮੇਂ 'ਚ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਪਿਰਥੀਪਾਲ ਰੰਧਾਵਾ ਦੀ ਕੁਰਬਾਨੀ ਤੋੰ ਪ੍ਰੇਰਨਾ ਲੈੰਦਿਆਂ ਉਹਨਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਉਭਾਰੀ ਗਈ। ਨੌਜਵਾਨਾਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ।

ਜਸਲੀਨ ਕੌਰ ਚੀਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਜਮਨਾ ਨੇ ਸ਼ਹੀਦ ਰੰਧਾਵਾ ਦੇ ਸਹੀਦੀ 'ਤੇ ਲਿਖੀ ਕਵੀ 'ਪਾਸ਼ ' ਦੀ ਕਵਿਤਾ ਪੇਸ਼ ਕੀਤੀ। ਸ਼ਹੀਦ ਨੂੰ ਨਾਅਰੇਬਾਜ਼ੀ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮਨਪ੍ਰੀਤ ਕੌਰ , ਨਵਜੋਤ ਕੌਰ ਖੁਰਾਣਾ, ਕਮਲਦੀਪ ਕੌਰ ਖਨਾਲ , ਹਰਪ੍ਰੀਤ ਕੌਰ, ਕਿਰਨਦੀਪ ਕੌਰ,ਮਮਤਾ, ਗੁਰਪ੍ਰੀਤ ਸਿੰਘ ਕਣਕਵਾਲ,ਰਮਨ,ਸੰਦੀਪ ਬਾਂਸਲ,ਸਹਿਜਦੀਪ ਸਿੰਘ ਆਦਿ ਵਿਦਿਆਰਥੀ ਹਾਜ਼ਰ ਹਨ।