Punjab Politics: ਮੀਤ ਹੇਅਰ ਨੇ ਛੱਡਿਆ ਮੰਤਰੀ ਅਹੁਦਾ, ਰਾਜਪਾਲ ਨੇ ਅਸਤੀਫ਼ਾ ਕੀਤਾ ਮਨਜ਼ੂਰ, ਛੇਤੀ ਹੀ ਹੋਣਗੀਆਂ ਜ਼ਿਮਨੀ ਚੋਣਾਂ
ਮੀਤ ਹੇਅਰ ਦੇ ਸੰਗਰੂਰ ਜਿੱਤਣ ਬਾਅਦ ਉਨ੍ਹਾਂ ਦੀ ਬਰਨਾਲਾ ਸੀਟ ਖਾਲੀ ਹੋ ਗਈ ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੀਟ 'ਤੇ ਉਪ ਚੋਣ ਕਰਵਾਈ ਜਾਵੇਗੀ। ਜਦੋਂਕਿ ਜਲੰਧਰ ਵਿੱਚ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਅਗਲੇ ਮਹੀਨੇ ਚੋਣਾਂ ਹੋ ਰਹੀਆਂ ਹਨ।
Punjab Politics: ਬਰਨਾਲਾ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜਿਆ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
ਮੀਤ ਹੇਅਰ ਨੇ ਮਾਨ ਨੂੰ ਹਰਾ ਕੇ ਜਿੱਤਿਆ ਸੰਗਰੂਰ
ਮੀਤ ਹੇਅਰ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ‘ਆਪ’ ਦੇ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ। ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਚੋਣ ਲੜੀ ਸੀ ਤੇ ਖਾਲਿਸਤਾਨ ਸਮਰਥਕ ਸਿਮਰਨਜੀਤ ਸਿੰਘ ਮਾਨ ਨੂੰ ਹਰਾ ਕੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਕਿੱਥੇ-ਕਿੱਥੇ ਹੋਣਗੀਆਂ ਜ਼ਿਮਨੀ ਚੋਣਾਂ ?
ਮੀਤ ਹੇਅਰ ਦੇ ਸੰਗਰੂਰ ਜਿੱਤਣ ਬਾਅਦ ਉਨ੍ਹਾਂ ਦੀ ਬਰਨਾਲਾ ਸੀਟ ਖਾਲੀ ਹੋ ਗਈ ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੀਟ 'ਤੇ ਉਪ ਚੋਣ ਕਰਵਾਈ ਜਾਵੇਗੀ। ਸਿਰਫ਼ ਬਰਨਾਲਾ ਹੀ ਨਹੀਂ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੁਸ਼ਿਆਰਪੁਰ ਤੋਂ ਡਾ: ਰਾਜ ਕੁਮਾਰ ਚੱਬੇਵਾਲ ਦੇ ਸੰਸਦ ਪਹੁੰਚਣ ਮਗਰੋਂ ਇੱਥੇ ਵੀ ਉਪ ਚੋਣ ਹੋਣੀ ਹੈ। ਜਦੋਂਕਿ ਜਲੰਧਰ ਵਿੱਚ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਅਗਲੇ ਮਹੀਨੇ ਚੋਣਾਂ ਹੋ ਰਹੀਆਂ ਹਨ।
ਮੀਤ ਹੇਅਰ ਦਾ ਕਿਹੋ ਜਿਹਾ ਰਿਹਾ ਸਿਆਸੀ ਸਫ਼ਰ ?
ਗੁਰਮੀਤ ਸਿੰਘ ਦਾ ਜਨਮ 1989 ਵਿੱਚ ਹੋਇਆ ਸੀ। ਉਸ ਦੀ ਉਮਰ ਸਿਰਫ਼ 35 ਸਾਲ ਹੈ। ਉਹ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਪਹਿਲੀ ਵਾਰ 2017 'ਚ ਚੋਣ ਲੜੀ ਸੀ। ਉਸ ਸਮੇਂ ਉਹ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ ਸਨ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਬਰਨਾਲਾ ਖੇਤਰ ਤੋਂ 50 ਫੀਸਦੀ ਵੋਟਾਂ ਹਾਸਲ ਕਰਕੇ ਜਿੱਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ। ਉਸ ਨੂੰ ਪਹਿਲਾਂ ਪੰਜ ਵਿਭਾਗ ਦਿੱਤੇ ਗਏ ਸਨ। ਜਦੋਂ ਕਿ 2024 ਵਿੱਚ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 172560 ਵੋਟਾਂ ਦੇ ਫਰਕ ਨਾਲ ਹਰਾ ਕੇ ਲੋਕ ਸਭਾ ਚੋਣ ਜਿੱਤੀ ਸੀ।