Sangrur News: ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਤੇ ਜੋੜ ਮੇਲੇ ਦੌਰਾਨ ਟਰੈਕਟਰਾਂ ਤੇ ਲੰਗਰ ਵਿੱਚ ਸਪੀਕਰ ਲਾਉਣ ’ਤੇ ਪਾਬੰਦੀ ਲਾਈ ਗਈ ਹੈ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ/ਚੰਡੋਲ, ਟਰੈਕਟਰਾਂ ’ਤੇ ਡੈੱਕ, ਲੰਗਰਾਂ ’ਚ ਸਪੀਕਰ ਆਦਿ ਨਹੀਂ ਹੋਣਗੇ।
ਦੱਸ ਦਈਏ ਕਿ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਤੇ ਜੋੜ ਮੇਲਾ 30, 31 ਜਨਵਰੀ ਤੇ 1 ਫਰਵਰੀ ਨੂੰ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ।
ਇਸ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਤੇ ਕੌਂਸਲ ਮੈਂਬਰਾਂ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਵੱਡੀ ਗਿਣਤੀ ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਮਾਤਾ ਭੋਲੀ ਜੀ ਦੇ ਮੁੱਖ ਸੇਵਾਦਾਰ ਭਾਈ ਹਰਬੇਅੰਤ ਸਿੰਘ ਤੇ ਸਿੱਖ ਜਥਾ ਮਾਲਵਾ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਬੀਤੇ ਸਾਲ ਹੋਲੇ ਮਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਵੱਲੋਂ ਟਰੈਕਟਰਾਂ ’ਤੇ ਚੱਲ ਰਹੇ ਡੈੱਕ ਬੰਦ ਕਰਾਉਂਦਿਆਂ ਹੋਏ ਤਕਰਾਰ ਸਮੇਂ ਉਸ ਸਿੰਘ ਦੀ ਜਾਨ ਚਲੀ ਗਈ ਸੀ, ਜੋ ਮੰਦਭਾਗੀ ਘਟਨਾ ਸੀ।
ਇਸ ਘਟਨਾ ਤੋਂ ਬਾਅਦ ਮਸਤੂਆਣਾ ਸਾਹਿਬ ਵਿਖੇ ਇਲਾਕੇ ਦੇ 50 ਤੋਂ ਵੱਧ ਨਗਰਾਂ ਦੀ ਸੰਗਤ ਵੱਲੋਂ ਪਹਿਲਕਦਮੀ ਕਰਦਿਆਂ ਪਾਏ ਮਤਿਆਂ ਵਿੱਚ ਕਿਹਾ ਗਿਆ ਕਿ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ/ਚੰਡੋਲ, ਟਰੈਕਟਰਾਂ ’ਤੇ ਡੈੱਕ, ਲੰਗਰਾਂ ’ਚ ਸਪੀਕਰ ਆਦਿ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਨਹੀਂ ਹੋਣਾ ਚਾਹੀਦਾ।
ਉਸ ਤੋਂ ਬਾਅਦ ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਮਾਤਾ ਭੋਲੀ ਜੀ ਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵੱਲੋਂ ਪਾਏ ਗਏ ਮਤਿਆਂ ਦਾ ਉਤਾਰਾ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸੰਗਰੂਰ ਨੂੰ ਭੇਜ ਕੇ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਸਿੱਖ ਜਥਾ ਮਾਲਵਾ ਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।