Sangrur News: ਬੇਸ਼ੱਕ ਪੰਜਾਬ ਸਰਕਾਰ ਨੇ ਫਰਾਡ ਟਰੈਵਲ ਏਜੰਟਾਂ ਖਿਲਾਫ ਸ਼ਿਕੰਜਾ ਕੱਸਿਆ ਹੈ ਪਰ ਅਜੇ ਵੀ ਭੋਲੇ-ਭਾਲ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਸੰਗਰੂਰ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੇ ਲਹਿਰਾਗਾਗਾ ਨੇੜਲੇ ਪਿੰਡ ਖੋਖਰ ਕਲਾਂ ਦੇ ਨੌਜਵਾਨ ਨੇ ਟਰੈਵਲ ਏਜੰਟ ਦੀ ਧੋਖਾਧੜੀ ਤੋਂ ਤੰਗ ਆ ਕੇ ਅੰਮ੍ਰਿਤਸਰ ’ਚ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਉਪਰ ਥਾਣਾ ਅਮ੍ਰਿੰਤਸਰ ਡਿਵੀਜ਼ਨ ਬੀ ਦੀ ਪੁਲਿਸ ਨੇ ਏਜੰਟ ਤੇ ਉਸ ਦੀ ਸਹਿਯੋਗੀ ਮਹਿਲਾ ਖ਼ਿਲਾਫ ਭਾਰਤੀ ਦੰਡਵਲੀ ਦੀ ਧਾਰਾ 420-306/34 ਤਹਿਤ ਕੇਸ ਦਰਜ ਕਰ ਕੇ ਏਜੰਟਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਧਰਮ ਸਿੰਘ ਵਾਸੀ ਪਿੰਡ ਖੋਖਰ ਕਲਾਂ ਤਹਿਸੀਲ, ਥਾਣਾ ਲਹਿਰਾਗਾਗਾ ਦੇ ਬਿਆਨ ਅਨੁਸਾਰ ਉਸ ਦੇ ਲੜਕੇ ਲਖਵਿੰਦਰ ਸਿੰਘ (21) ਨੂੰ ਬਿੱਟੂ ਸਿੰਘ ਵਾਸੀ ਪਿੰਡ ਖੰਡੇਬਾਦ ਤੇ ਦੀਪ ਕੌਰ ਪਿੰਡ ਗਾਗਾ ਹਾਲ ਸੰਗਰੂਰ ਨੇ ਤਿੰਨ ਸਾਲ ਦੇ ਵਰਕ ਪਰਮਿਟ ਦਾ ਲਾਰਾ ਲਾ ਕੇ ਉਸ ਨੂੰ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਭੇਜ ਦਿੱਤਾ।
ਏਜੰਟ ਨੇ ਲਖਵਿੰਦਰ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਦੇ ਕੇ ਉਨ੍ਹਾਂ ਕੋਲੋਂ ਨੌਂ ਲੱਖ ਰੁਪਏ ਲੈ ਲਏ। 16 ਅਗਸਤ ਨੂੰ ਬਿੱਟੂ ਸਿੰਘ, ਲਖਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਿਆ, ਜੋ 20 ਅਗਸਤ ਨੂੰ ਮਲੇਸ਼ੀਆ ਪਹੁੰਚ ਗਿਆ। ਕੁਝ ਦਿਨਾਂ ਬਾਅਦ ਉਸ ਦੇ ਪੁੱਤਰ ਨੇ ਘਰ ਫੋਨ ਕਰ ਕੇ ਦੱਸਿਆ ਕਿ ਆਪਣੇ ਨਾਲ ਠੱਗੀ ਹੋ ਗਈ ਹੈ। ਉਨ੍ਹਾਂ ਨੇ ਮਲੇਸ਼ੀਆ ਵਿਚ ਕੰਮ ਕਰਨ ਲਈ ਤਿੰਨ ਸਾਲਾ ਦਾ ਵਰਕ ਪਰਮਿਟ ਕਹਿ ਕੇ ਦਿੱਤਾ ਸੀ ਪਰ ਇਨ੍ਹਾਂ ਮੈਨੂੰ ਮਲੇਸ਼ੀਆ ਟੂਰਿਸਟ ਵੀਜ਼ੇ ‘ਤੇ ਭੇਜ ਦਿੱਤਾ ਹੈ।
ਇਸ ਮਾਮਲੇ ਸਬੰਧੀ ਉਸ ਨੇ ਏਜੰਟ ਨੂੰ ਕਿਹਾ ਕਿ ਤੁਸੀ ਸਾਡੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਠੱਗੀ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਅੰਮ੍ਰਿਤਸਰ ਪਹੁੰਚ ਕੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਜਦੋਂ ਇਸ ਸਬੰਧੀ ਅੰਮ੍ਰਿਤਸਰ ਦੇ ਸਹਾਇਕ ਥਾਣੇਦਾਰ ਤੇ ਜਾਂਚ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਵਾਰਿਸਾਂ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।