Stubble Burning: ਸੰਗਰੂਰ ਵਾਲੇ ਨਹੀਂ ਟਲਦੇ...ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ ਨੇ ਪਰਾਲੀ ਸਾੜਨ ਦੇ ਤੋੜੇ ਰਿਕਾਰਡ
ਹਾਸਲ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਬੁੱਧਵਾਰ ਨੂੰ 10 ਹਜ਼ਾਰ ਨੂੰ ਪਾਰ ਕਰ ਗਏ। ਪੰਜਾਬ ਵਿੱਚ ਇਸ ਸੀਜ਼ਨ ਦੌਰਾਨ 18 ਨਵੰਬਰ ਤੱਕ ਪਰਾਲੀ ਸਾੜਨ ਦੇ 1647 ਮਾਮਲਿਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ।
Stubble Burning: ਸਰਕਾਰ ਵੱਲੋਂ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਨਹੀਂ ਹੋ ਰਹੇ। ਇਸ ਸੀਜ਼ਨ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਨੂੰ ਪਾਰ ਕਰ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਸੀਐਮ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਸੰਗਰੂਰ ਵਾਲਿਆਂ ਨੇ ਮੁੱਖ ਮੰਤਰੀ ਦੀਆਂ ਨਸੀਹਤਾਂ ਨੂੰ ਅੱਖੋਂ-ਓਹਲੇ ਕਰਦਿਆਂ ਖੂਬ ਪਰਾਲੀ ਸਾੜੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਘੱਟ ਪਰਾਲੀ ਸਾੜੀ ਗਈ ਹੈ।
ਹਾਸਲ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਬੁੱਧਵਾਰ ਨੂੰ 10 ਹਜ਼ਾਰ ਨੂੰ ਪਾਰ ਕਰ ਗਏ। ਪੰਜਾਬ ਵਿੱਚ ਇਸ ਸੀਜ਼ਨ ਦੌਰਾਨ 18 ਨਵੰਬਰ ਤੱਕ ਪਰਾਲੀ ਸਾੜਨ ਦੇ 1647 ਮਾਮਲਿਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ। ਫ਼ਿਰੋਜ਼ਪੁਰ 1189 ਕੇਸਾਂ ਨਾਲ ਦੂਜੇ, ਤਰਨ ਤਾਰਨ 802 ਕੇਸਾਂ ਨਾਲ ਤੀਜੇ, ਅੰਮ੍ਰਿਤਸਰ 703 ਕੇਸਾਂ ਨਾਲ ਚੌਥੇ ਨੰਬਰ ’ਤੇ ਹੈ। ਪਰਾਲੀ ਸਾੜਨ ਦੇ ਮਾਮਲੇ ਬਠਿੰਡਾ ਵਿੱਚ 670 ਕੇਸ, ਮੁਕਤਸਰ ਵਿੱਚ 668 ਕੇਸ, ਮੋਗਾ ਵਿੱਚ 596 ਕੇਸ, ਮਾਨਸਾ ਵਿੱਚ 560 ਕੇਸ, ਪਟਿਆਲਾ ਵਿੱਚ 536 ਕੇਸ, ਫਰੀਦਕੋਟ ਵਿੱਚ 470, ਕਪੂਰਥਲਾ ਵਿੱਚ 321, ਲੁਧਿਆਣਾ ਵਿੱਚ 246, ਫਾਜ਼ਿਲਕਾ ਵਿੱਚ 233 ਕੇਸ ਸਾਹਮਣੇ ਆਏ ਹਨ।
ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ 179 ਨਵੇਂ ਮਾਮਲੇ ਸਾਹਮਣੇ ਆਏ। ਬੁੱਧਵਾਰ ਨੂੰ ਸਭ ਤੋਂ ਵੱਧ ਮਾਮਲੇ 26-26, ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸੰਗਰੂਰ ਤੋਂ ਸਾਹਮਣੇ ਆਏ। ਮੁਕਤਸਰ 'ਚ ਪਰਾਲੀ ਸਾੜਨ ਦੇ 20, ਤਰਨ ਤਾਰਨ 'ਚ 15, ਫਰੀਦਕੋਟ 'ਚ 14, ਫਾਜ਼ਿਲਕਾ 'ਚ 10, ਮੋਗਾ 'ਚ 9, ਜਲੰਧਰ, ਲੁਧਿਆਣਾ, ਬਠਿੰਡਾ ਤੇ ਬਰਨਾਲਾ 'ਚ 8-8, ਮਾਨਸਾ 'ਚ ਪੰਜ, ਮਲੇਰਕੋਟਲਾ ਤੇ ਕਪੂਰਥਲਾ 'ਚ ਚਾਰ-ਚਾਰ ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਵਿੱਚ ਤਿੰਨ ਤੇ ਪਟਿਆਲਾ ਵਿੱਚ ਦੋ ਕੇਸ ਸਨ। ਗੁਰਦਾਸਪੁਰ ਤੇ ਐਸਬੀਐਸ ਨਗਰ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ।
ਪੀਪੀਸੀਬੀ ਦੇ ਚੇਅਰਮੈਨ ਆਦਰਸ਼ ਪਾਲ ਵਿੱਗ ਅਨੁਸਾਰ ਪੰਜਾਬ ਵਿੱਚ 30 ਨਵੰਬਰ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ ਕੀਤੀ ਜਾਣੀ ਹੈ। ਹੁਣ ਪਰਾਲੀ ਸਾੜਨ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕੇਸ 70 ਫੀਸਦੀ ਘੱਟ ਹੋਣ ਦੀ ਸੰਭਾਵਨਾ ਹੈ। ਇਹ ਸਭ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਹਨਤ ਦਾ ਨਤੀਜਾ ਹੈ। ਕਿਸਾਨ ਵੀ ਪਹਿਲਾਂ ਨਾਲੋਂ ਜਾਗਰੂਕ ਹੋ ਗਏ ਹਨ। ਪੂਰੀ ਉਮੀਦ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਪਰਾਲੀ ਸਾੜਨਾ ਬੰਦ ਹੋ ਜਾਵੇਗਾ।
ਇਸ ਦੇ ਨਾਲ ਹੀ ਬੁੱਧਵਾਰ ਨੂੰ ਪੰਜਾਬ ਦੇ ਪੰਜ ਸ਼ਹਿਰਾਂ ਦਾ AQI ਹੇਠਲੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਇਨ੍ਹਾਂ ਵਿੱਚੋਂ ਸਭ ਤੋਂ ਵੱਧ AQI 251 ਅੰਮ੍ਰਿਤਸਰ ਤੇ ਜਲੰਧਰ ਵਿੱਚ ਦਰਜ ਕੀਤਾ ਗਿਆ। ਲੁਧਿਆਣਾ ਦਾ AQI 246, ਮੰਡੀ ਗੋਬਿੰਦਗੜ੍ਹ ਦਾ 243 ਤੇ ਪਟਿਆਲਾ ਦਾ 214 ਸੀ। ਇਸ ਦੇ ਨਾਲ ਹੀ ਬਠਿੰਡਾ ਦਾ AQI 122, ਖੰਨਾ 148 ਤੇ ਰੂਪਨਗਰ ਦਾ 115 ਦਰਜ ਕੀਤਾ ਗਿਆ, ਜੋ ਯੈਲੋ ਜ਼ੋਨ ਵਿੱਚ ਰਿਹਾ।