Sangrur News: ਅਪਰੈਲ 'ਚ ਅਸਮਾਨੋਂ ਵਰ੍ਹੀ ਬਰਫ! ਫਸਲਾਂ ਦਾ ਹੋਇਆ ਨੁਕਸਾਨ
ਮੌਸਮ ਵਿੱਚ ਵੱਡੀ ਤਬਦੀਲੀ ਹੋ ਰਹੀ ਹੈ। ਇਸ ਵਾਰ ਅਪਰੈਲ ਵਿੱਚ ਵੀ ਗੜ੍ਹੇਮਾਰੀ ਹੋ ਰਹੀ ਹੈ। ਬੁੱਧਵਾਰ ਨੂੰ ਲਹਿਰਾਗਾਗਾ ਦੇ ਪਿੰਡਾਂ ਵਿੱਚ ਬਾਰਸ਼ ਤੇ ਗੜ੍ਹੇਮਾਰੀ ਹੋਈ। ਇਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।
Sangrur News: ਮੌਸਮ ਵਿੱਚ ਵੱਡੀ ਤਬਦੀਲੀ ਹੋ ਰਹੀ ਹੈ। ਇਸ ਵਾਰ ਅਪਰੈਲ ਵਿੱਚ ਵੀ ਗੜ੍ਹੇਮਾਰੀ ਹੋ ਰਹੀ ਹੈ। ਬੁੱਧਵਾਰ ਨੂੰ ਲਹਿਰਾਗਾਗਾ ਦੇ ਪਿੰਡਾਂ ਵਿੱਚ ਬਾਰਸ਼ ਤੇ ਗੜ੍ਹੇਮਾਰੀ ਹੋਈ। ਇਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਮੌਸਮ ਦੇ ਬਦਲੇ ਮਜਾਜ਼ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਬੁੱਧਵਾਰ ਨੂੰ ਤਕਰੀਬਨ ਸ਼ਾਮ ਚਾਰ ਕੁ ਵਜੇ ਲਹਿਰਾਗਾਗਾ ਦੇ ਨੰਗਲਾ, ਸੰਗਤੀਵਾਲਾ, ਭਾਈ ਕੀ ਪਸ਼ੋਰ ਆਦਿ ਪਿੰਡਾਂ ਵਿੱਚ ਇੱਕਦਮ ਭਾਰੀ ਗੜੇਮਾਰੀ ਹੋਣ ਲੱਗੀ। ਇਸ ਨਾਲ ਕਿਸਾਨਾਂ ਦੀਆਂ ਖੇਤਾਂ ਵਿੱਚ ਖੜ੍ਹੀਆਂ ਤੇ ਮੰਡੀਆਂ ਵਿੱਚ ਪਈਆਂ ਕਣਕਾਂ ਗੜ੍ਹਿਆਂ ਨਾਲ ਢੱਕ ਗਈਆਂ।
ਉਧਰ, ਮੰਡੀਆਂ ਵਿੱਚ ਪਈ ਕਣਕ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਕੇ ਖਰਾਬ ਹੋ ਗਈ ਹੈ। ਖੇਤਾਂ ਵਿੱਚ ਖੜ੍ਹੀ ਸਬਜ਼ੀਆਂ ਦੀ ਫ਼ਸਲ ਮਿਰਚ ਆਦਿ ਬਿਲਕੁਲ ਬਰਬਾਦ ਹੋ ਗਈ ਹੈ। ਤੂੜੀ ਕਰਨ ਵਾਲਾ ਕਣਕ ਦਾ ਨਾੜ ਤੂੜੀ ਕਰਨ ਯੋਗ ਨਹੀਂ ਰਿਹਾ ਜਾ ਫਿਰ ਪੀਲਾ ਪੈ ਜਾਵੇਗਾ। ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਮਾਰ ਪਈ ਹੈ। ਇਸ ਮੌਕੇ ਹਰਜਿੰਦਰ ਸਿੰਘ ਨੰਗਲਾ ਪ੍ਰੈੱਸ ਸਕੱਤਰ ਬਲਾਕ ਲਹਿਰਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਆਗੂਆਂ ਵੱਲੋਂ ਸਰਕਾਰ ਵਲੋਂ ਤੁਰੰਤ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੀ ਮੰਗ ਕਰਦੀ ਹੈ।
ਦੱਸ ਦਈਏ ਕਿ ਪੰਜਾਬ ਦੇ ਕਈ ਖ਼ਿੱਤਿਆਂ ’ਚ ਮੁੜ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਮਧੋਲ ਦਿੱਤਾ ਹੈ। ਬੀਤੀ ਰਾਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ ਆਇਆ ਤੇ ਦਰਮਿਆਨੀ ਬਾਰਸ਼ ਵੀ ਹੋਈ। ਬੁੱਧਵਾਰ ਦੁਪਹਿਰ ਬਾਅਦ ਕਈ ਜ਼ਿਲ੍ਹਿਆਂ ਵਿਚ ਅਚਨਚੇਤ ਗੜੇ ਪਏ ਤੇ ਮੀਂਹ ਪਿਆ। ਉਂਜ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ। ਸੂਬੇ ਦੇ ਖ਼ਰੀਦ ਕੇਂਦਰਾਂ ਵਿਚ ਪਈ ਕਣਕ ਦੀ ਫ਼ਸਲ ਭਿੱਜ ਗਈ ਹੈ। ਮੰਡੀਆਂ ਵਿਚ ਲਿਫ਼ਟਿੰਗ ਦਾ ਕੰਮ ਪਹਿਲਾਂ ਹੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਸੀ ਤੇ ਉਪਰੋਂ ਬਾਰਸ਼ ਹੋਣ ਨਾਲ ਬੋਰੀਆਂ ਭਿੱਜ ਗਈਆਂ ਹਨ ਜਿਸ ਕਰ ਕੇ ਲਿਫ਼ਟਿੰਗ ਦੇ ਕੰਮ ਵਿਚ ਖੜੋਤ ਬਣੇਗੀ।
ਮੌਸਮ ਵਿਭਾਗ ਨੇ ਅੱਜ ਵੀ ਗੜੇ ਪੈਣ, ਗਰਜ ਤੇ ਤੇਜ਼ ਹਨੇਰੀ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਬੁੱਧਵਾਰ ਨੂੰ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ ਵਿਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਖੰਨਾ ਮੰਡੀ ਵਿੱਚ ਤੇਜ਼ ਮੀਂਹ ਪਿਆ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰ ਤੇ ਮੋਹਨਮਾਜਰਾ ਵਿੱਚ ਗੜੇ ਪਏ ਹਨ। ਇਸੇ ਤਰ੍ਹਾਂ ਅਜਨਾਲਾ, ਬਲਾਚੌਰ, ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਤੇ ਪਟਿਆਲਾ ਦੇ ਘੜਾਮ ਇਲਾਕੇ ਵਿਚ ਵੀ ਗੜੇ ਪਏ।