Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦ ਭਾਈ ਮਨੀ ਸਿੰਘ ਗਰਲਜ਼ ਕਾਲਜ ਲੌਂਗੋਵਾਲ ਵਿਖੇ 39ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਨੂੰ ਅਕਾਲੀ ਦਲ ਸੰਗਰੂਰ ਇਲਾਕੇ ਵਿੱਚ ਆਪਣੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖ ਰਹੀ ਹੈ।
Harchand Singh Longowal: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਮੰਗਲਵਾਰ (20 ਅਗਸਤ) ਨੂੰ ਬਰਨਾਲਾ ਵਿੱਚ ਛੁੱਟੀ ਦੇ ਹੁਕਮ ਜਾਰੀ ਕੀਤੇ ਹਨ। ਇਸ ਛੁੱਟੀ ਕਾਰਨ ਬਰਨਾਲਾ ਵਿੱਚ ਸਰਕਾਰੀ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਇਲਾਵਾ ਸਕੂਲ, ਕਾਲਜ ਸਮੇਤ ਕਈ ਅਦਾਰੇ ਬੰਦ ਰਹਿਣਗੇ। ਇਹ ਹੁਕਮ ਉਨ੍ਹਾਂ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ, ਕਾਲਜਾਂ ਆਦਿ 'ਤੇ ਲਾਗੂ ਨਹੀਂ ਹੋਣਗੇ ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਹ ਹੁਕਮ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਾਰੀ ਕੀਤੇ ਗਏ ਹਨ। ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਇਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦ ਭਾਈ ਮਨੀ ਸਿੰਘ ਗਰਲਜ਼ ਕਾਲਜ ਲੌਂਗੋਵਾਲ ਵਿਖੇ 39ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਨੂੰ ਅਕਾਲੀ ਦਲ ਸੰਗਰੂਰ ਇਲਾਕੇ ਵਿੱਚ ਆਪਣੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖ ਰਹੀ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਚੋਂ ਬਗ਼ਾਵਤ ਕਰਕੇ ਬਾਹਰ ਹੋਏ ਲੀਡਰ ਵੀ ਆਪਣਾ ਸਿਆਸੀ ਜ਼ੋਰ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
— Shiromani Akali Dal (@Akali_Dal_) August 19, 2024
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ 'ਅਕਾਲੀ ਲੀਡਰ' ਪ੍ਰੋ. ਚੰਦੂਮਾਜਰਾ ਨੇ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਦਾ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੇ ਪੰਥ ਖ਼ਿਲਾਫ਼ ਬਜਰ ਗਲਤੀਆਂ ਕਰਕੇ ਖ਼ਤਮ ਕਰ ਦਿੱਤਾ ਹੈ। ਪੰਜਾਬ ਦੀ ਸਿਆਸਤ ਦਾ ਧੂਰਾ ਰਹੇ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਵਾਰ ਫਿਰ ਅਕਾਲੀ ਦਲ ਦੇ ਜਰਨੈਲ ਸ਼ਹੀਦ ਸੰਤ ਲੌਂਗੋਂਵਾਲ ਦੀ ਬਰਸੀ’ਤੇ ਵਿਸ਼ਾਲ ਇਕੱਠ ਕਰਕੇ ਇਹ ਸਾਬਤ ਕਰਨਾ ਹੈ ਕਿ ਅਕਾਲੀ ਦਲ ਕਿਸੇ ਇੱਕ ਦੀ ਜਗੀਰ ਨਹੀਂ ਹੈ, ਇਹ ਸਮੁੱਚੇ ਪੰਜਾਬ ਦੀ ਪਾਰਟੀ ਹੈ।
ਕੌਣ ਨੇ ਸੰਤ ਲੌਂਗੋਵਾਲ ?
ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ 2 ਅਗਸਤ 1932 ਨੂੰ ਪਿੰਡ ਗਿਦੜਿਆਣੀ ਵਿੱਚ ਹੋਇਆ ਸੀ। ਸੰਨ 1955 ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਜਿਸ ਵਿੱਚ ਜਥਾ ਲੈ ਕੇ ਲੌਂਗੋਵਾਲ ਨੇ ਸੰਗਰੂਰ ਵਿਖੇ ਗ੍ਰਿਫ਼ਤਾਰੀ ਦਿੱਤੀ ਅਤੇ ਦੋ ਮਹੀਨੇ ਹਿਸਾਰ ਜੇਲ੍ਹ ’ਚ ਰਹੇ। ਸੰਨ 1962 ਵਿੱਚ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। ਸੰਨ 1969-70 ਵਿੱਚ ਹਲਕਾ ਲਹਿਰਾਗਾਗਾ ਤੋਂ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਦੇ ਮੁਕਾਬਲੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਦੋ ਵਾਰ ਉਨ੍ਹਾਂ ਨੂੰ ਭਾਰੀ ਗਿਣਤੀ ਨਾਲ ਹਰਾਇਆ। 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਜਿਸ ਨੂੰ ਸੰਸਦ ਨੇ ਪ੍ਰਵਾਨਗੀ ਦੇ ਦਿੱਤੀ ਸੀ। ਸੰਤ ਹਰਚੰਦ ਸਿੰਘ ਨੇ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾ ਕੇ ਸਰਬਸੰਮਤੀ ਨਾਲ ਪ੍ਰਵਾਨਗੀ ਲਈ। 20 ਅਗਸਤ 1985 ਨੂੰ ਸ਼ੇਰਪੁਰ ਦੇ ਗੁਰਦੁਆਰੇ ਅੰਦਰ ਭਰੇ ਇਕੱਠ ਵਿੱਚ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।