Faridkot - ਜਿਲ੍ਹਾ ਫਰੀਦਕੋਟ ਵਿੱਚ ਜੋ ਏਜੰਟ ਪੰਜਾਬ ਦੇ ਵਸਨੀਕਾਂ ਨੂੰ ਕਿਸੇ ਵੀ ਬਾਹਰ ਦੇ ਮੁਲਕ ਵਿੱਚ ਕਾਮਿਆਂ ਦੇ ਰੂਪ ਵਿੱਚ ਭੇਜਦੇ ਹਨ, ਉਹ ਆਪਣਾ ਵਿਦੇਸ਼ ਮੰਤਰਾਲੇ ਤੋਂ ਇਸ ਬਾਬਤ ਜਾਰੀ ਕੀਤੇ ਲਾਇਸੰਸ ਦੀ ਸੂਚਨਾ 15 ਦਿਨਾਂ ਦੇ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਦੇ ਕਮਰਾ ਨੰਬਰ 230 (ਫੁੱਟਕਲ ਸ਼ਾਖਾ) ਵਿੱਚ ਜਮ੍ਹਾਂ ਕਰਵਾਉਣ।


ਇਹ ਆਦੇਸ਼ ਲਿਖਤੀ ਰੂਪ ਵਿੱਚ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਅਜਿਹੇ ਲਾਇਸੰਸ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਤੋਂ ਹੀ ਜਾਰੀ ਕੀਤੇ ਜਾ ਸਕਦੇ ਹਨ। ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਤੋਂ ਪ੍ਰਾਪਤ ਇੱਕ ਪੱਤਰ ਦਾ ਹਵਾਲਾ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਾਮਨਾ ਕੁਮਾਰ (ਆਈ.ਐਫ.ਐਸ) ਜੁਆਇੰਟ ਸੈਕਟਰੀ( ਪ੍ਰੋਟੈਕਟਰ ਜਨਰਲ ਆਫ ਇੰਮੀਗਰੈਂਟਸ) ਵੱਲੋਂ ਮਿਤੀ 9 ਤੋਂ 12 ਅਪ੍ਰੈਲ ਦੌਰਾਨ ਪੰਜਾਬ ਦਾ ਦੌਰਾ ਕੀਤਾ ਗਿਆ।


ਇਸ ਦੌਰੇ ਦੌਰਾਨ ਉਹ ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ਵਿਖੇ ਵਿਦੇਸ਼ਾਂ ਵਿੱਚ ਕਾਮੇ ਭੇਜਣ ਵਾਲੇ ਏਜੰਟਾਂ ਨੂੰ ਮਿਲੇ ਸਨ ਅਤੇ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਪਾਇਆ ਗਿਆ ਕਿ ਹਾਲੇ ਵੀ ਕਈ ਅਜਿਹੇ ਏਜੰਟ ਹਨ, ਜਿੰਨਾਂ ਨੇ ਆਪਣੇ ਆਪ ਨੂੰ ਵਿਦੇਸ਼ ਮੰਤਰਾਲੇ ਕੋਲ ਰਜਿਟਸਰਡ ਕਰਵਾ ਕੇ ਲਾਇਸੰਸ ਨਹੀਂ ਪ੍ਰਾਪਤ ਕੀਤਾ।


ਦੌਰੇ ਦੌਰਾਨ ਜੁਆਇੰਟ ਸੈਕਟਰੀ ਨੂੰ ਪਤਾ ਲੱਗਿਆ ਕਿ ਕੁਝ ਟਰੈਵਲ ਏਜੰਟਾਂ ਨੇ "ਇਹ ਲਾਇਸੰਸ" ਪੰਜਾਬ ਸਰਕਾਰ ਤੋਂ 'ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ' ( ਪੀ.ਟੀ.ਪੀ.ਆਰ) ਰੂਲ, 2013 ਜੋ ਕਿ 'ਪੰਜਾਬ ਪ੍ਰੀਵੈਨਸ਼ਨ ਆਫ  ਹਿਊਮਨ ਸਮਗਲਿੰਗ ' (ਪੀ.ਪੀ.ਐੱਚ.ਐਸ ਐਕਟ 2012)  ਤਹਿਤ ਇਹ ਕੰਮ ( ਲੋਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਨੌਕਰੀ ਦਵਾਉਣਾ) ਵੀ ਕਰੀ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਜਦਕਿ ਪੰਜਾਬ ਸਰਕਾਰ ਦੇ ਪੀ.ਪੀ.ਐਚ.ਐਸ.ਐਕਟ ਅਤੇ ਪੀ.ਟੀ.ਪੀ.ਆਰ. ਰੂਲ ਕੇਵਲ ਟਰੈਵਲ ਏਜੰਸੀ, ਆਈਲੈਟਸ ਦੀਆਂ ਕੋਚਿੰਗ ਸੰਸਥਾਵਾਂ, ਵੀਜ਼ਾ/ ਪਾਸਪੋਰਟ ਕੰਨਸਲਟੈਂਸੀ, ਟਿਕਟਿੰਗ ਏਜੰਟ ਅਤੇ ਜਨਰਲ ਸੇਲ ਏਜੰਟ ਵਜੋਂ ਹੀ ਕੰਮ ਕਰ ਸਕਦੇ ਹਨ।


ਇਸ ਰੂਲ ਤਹਿਤ ਕੋਈ ਵੀ ਏਜੰਟ ਬਾਹਰਲੇ ਮੁਲਕਾਂ ਵਿੱਚ ਨੌਕਰੀ ਦਿਵਾਉਣ ਦਾ ਕੰਮ ਨਹੀਂ ਕਰ ਸਕਦੇ।  ਉਨ੍ਹਾਂ ਦੱਸਿਆ ਕਿ ਇਸ ਕੰਮ ਦਾ ਲਾਇਸੰਸ ਇੰਮੀਗਰੇਸ਼ਨ ਐਕਟ 1983 ਦੇ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।


 ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਏਜੰਟ ਜੋ ਬਾਹਰਲੇ ਮੁਲਕਾਂ ਵਿੱਚ ਕਾਮੇ ਭੇਜਦੇ ਹਨ, ਉਹ ਆਪਣੇ ਵਿਦੇਸ਼ ਮੰਤਰਾਲੇ ਤੋਂ ਜਾਰੀ ਲਾਇਸੰਸ ਦੀ ਸੂਚਨਾ ਦਫਤਰ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣ । ਉਨ੍ਹਾਂ ਕਿਹਾ ਕਿ ਜਿਹੜੇ ਏਜੰਟਾਂ ਕੋਲ ਲਾਇਸੰਸ ਨਹੀਂ ਹੈ, ਉਹ ਆਪਣਾ ਲਾਇਸੰਸ ਵਿਦੇਸ਼ ਮੰਤਾਰਲੇ ਤੋਂ ਜਾਰੀ ਕਰਵਾਉਣ।