Patiala News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਵੇ। ਉਨ੍ਹਾਂ ਕਿਹਾ ਕਿ ਬਹੁਤੀਆਂ ਸਰਕਾਰਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਹੀਂ ਦੇ ਸਕੀਆਂ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਸੰਗਰਾਮ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲਿਆਂ ਪ੍ਰਤੀ ਸਰਕਾਰਾਂ ਆਪਣੇ ਨੈਤਿਕ ਫਰਜ਼ ਨਹੀਂ ਨਿਭਾਅ ਸਕੀਆਂ।
ਉਨ੍ਹਾਂ ਕਿਹਾ ਕਿ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਨੂੰ ਲਾਹੌਰ ਦੀ ਜੇਲ੍ਹ ਵਿੱਚ ਰਾਤੋਂ-ਰਾਤ ਲੁਕਵੇਂ ਢੰਗ ਨਾਲ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦਾ ਹਰੀਕੇ ਪੱਤਣ ਵਿੱਚ ਸਸਕਾਰ ਕੀਤਾ ਗਿਆ ਪਰ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਇਨ੍ਹਾਂ ਸ਼ਹੀਦਾਂ ਨੂੰ ਰਾਸ਼ਟਰੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਬਡੂੰਗਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਰਾਸ਼ਟਰੀ ਸ਼ਹੀਦ ਐਲਾਨਿਆ ਜਾਵੇ।
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਮਿਊਜ਼ੀਅਮ ’ਚ ਬਦਲੇ ਜਾਣ
ਉਧਰ, ਸ਼ਹੀਦ ਊਧਮ ਸਿੰਘ, ਭਗਤ ਸਿੰਘ ਤੇ ਗਦਰੀ ਬੀਬੀ ਗੁਲਾਬ ਕੌਰ ਬਾਰੇ ਪੁਸਤਕਾਂ ਲਿਖ ਚੁੱਕੇ ਸੁਨਾਮ ਦੇ ਇਤਿਹਾਸਕਾਰ ਤੇ ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਕੇਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਇਕ ਅਜਿਹੀ ਥਾਂ ਹੈ, ਜਿੱਥੇ ਭਗਤ ਸਿੰਘ ਤੇ ਉਸ ਦੇ ਸਾਥੀ ਇਕੱਠੇ ਹੁੰਦੇ ਸਨ ਤੇ ਆਜ਼ਾਦੀ ਦੀ ਲੜਾਈ ਸਬੰਧੀ ਵਿਉਂਤਾਂ ਉਲੀਕਦੇ ਸਨ। ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਜਦੋਂ ਉਨ੍ਹਾਂ ਇਸ ਇਤਿਹਾਸਕ ਥਾਂ ਬਾਰੇ ਪਤਾ ਲੱਗਿਆ ਸੀ ਤਾਂ ਉਨ੍ਹਾਂ ਵੱਲੋਂ ਮੌਕੇ ਦੀਆਂ ਸਰਕਾਰਾਂ ਨੂੰ ਇਸ ਇਮਾਰਤ ਦੀ ਸਾਂਭ-ਸੰਭਾਲ ਕਰਨ ਦੀਆਂ ਅਪੀਲਾਂ ਕੀਤੀਆਂ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਇਤਿਹਾਸਕ ਥਾਂ ਸੰਭਾਲ ਵਿੱਚ ਹੋਰ ਕਦਮ ਪੁੱਟਦਿਆਂ ਇੱਥੇ ਮਿਊਜ਼ੀਅਮ ਤੇ ਲਾਇਬਰੇਰੀ ਬਣਾਈ ਜਾਵੇ ਤਾਂ ਜੋ ਇਸ ਇਮਾਰਤ ਨਾਲ ਜੁੜੀਆਂ ਤੇ ਸ਼ਹੀਦਾਂ ਦੇ ਜੀਵਨ ਨਾਲ ਜੁੜੀਆਂ ਵਸਤਾਂ ਨੂੰ ਇਥੇ ਸਾਂਭਿਆ ਜਾ ਸਕੇ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਜਗ੍ਹਾ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਸ਼ਿਵ ਵਰਮਾ, ਗਯਾ ਪ੍ਰਸ਼ਾਦ, ਬਿਜੋਏ ਕੁਮਾਰ ਸਿਨਹਾ ਅਤ ਹੋਰ ਕ੍ਰਾਂਤੀਕਾਰੀ ਰਹਿੰਦੇ ਸਨ ਤੇ ਇਥੇ ਨਿਸ਼ਾਨੇਬਾਜ਼ੀ ਦਾ ਅਭਿਆਸ ਵੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਉਹ ਥਾਂ ਹੈ ਜਿਥੇ ਸ਼ਹੀਦ ਭਗਤ ਸਿੰਘ ਨੇ ਲੋੜ ਪੈਣ ’ਤੇ ਆਪਣਾ ਭੇਸ ਬਦਲ ਕੇ ਅੰਗਰੇਜ਼ੀ ਹੈਟ ਵਾਲਾ ਭੇਸ ਅਪਣਾਇਆ ਸੀ।