'ਆਪ' ਦੀ ਸਰਕਾਰ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ਵਿੱਚ ਉਦਯੋਗਾਂ ਦਾ ਕਰੇਗੀ ਵਿਕਾਸ: ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਗੁਰੂ ਕੀ ਨਗਰੀ ਵਿੱਚ ਪਾਰਟੀ ਦੇ ਉਮੀਦਵਾਰਾਂ ਡਾ. ਜੀਵਨਜੋਤ ਕੌਰ, ਡਾ. ਜਸਬੀਰ ਸਿੰਘ, ਡਾ. ਅਜੇ ਗੁਪਤਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ (ਆਈ.ਪੀ.ਐਸ) ਲਈ ਚੋਣ ਪ੍ਰਚਾਰ ਕੀਤਾ।
ਸ੍ਰੀ ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰੂ ਕੀ ਨਗਰੀ ਵਿੱਚ ਪਾਰਟੀ ਦੇ ਉਮੀਦਵਾਰਾਂ ਡਾ. ਜੀਵਨਜੋਤ ਕੌਰ, ਡਾ. ਜਸਬੀਰ ਸਿੰਘ, ਡਾ. ਅਜੇ ਗੁਪਤਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ (ਆਈ.ਪੀ.ਐਸ) ਲਈ ਚੋਣ ਪ੍ਰਚਾਰ ਕੀਤਾ। ਆਪਣੇ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀੰ ਕਿ 2022 ਦੀਆਂ ਚੋਣਾਂ ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਦੀ ਲੁੱਟ ਖਸੁੱਟ ਤੋਂ ਬਚਾਉਣ ਦਾ ਇੱਕ ਸੁਨਿਹਰੀ ਮੌਕਾ ਹੈ। ਇਸ ਲਈ ਅੰਮ੍ਰਿਤਸਰ ਵਾਸੀ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇੱਕ ਇੱਕ ਵੋਟ ਪਾ ਕੇ ਜਿਤਾਉਣ ਤਾਂ ਜੋ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਸੂਬੇ ਦਾ ਸਰਵ ਪੱਖੀ ਵਿਕਾਸ ਕੀਤਾ ਜਾ ਸਕੇ।
ਐਤਵਾਰ ਨੂੰ ਗੁਰੂ ਕੀ ਨਗਰੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਦੇ ਹੱਕ ਵਿੱਚ ਅੰਮ੍ਰਿਤਸਰ ਉਤਰੀ, ਡਾ. ਇੰਦਰਬੀਰ ਸਿੰਘ ਨਿੱਝਰ ਲਈ ਅੰਮ੍ਰਿਤਸਰ ਦੱਖਣੀ, ਡਾ. ਅਜੇ ਗੁਪਤਾ ਲਈ ਅੰਮ੍ਰਿਤਸਰ ਕੇਂਦਰੀ, ਡਾ. ਜਸਬੀਰ ਸਿੰਘ ਲਈ ਅੰਮ੍ਰਿਤਸਰ ਪੱਛਮੀ ਅਤੇ ਡਾ. ਜੀਵਨਜੋਤ ਕੌਰ ਲਈ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਇਸ ਸਰਹੱਦੀ ਹਲਕੇ 'ਚ ਸਕੂਲਾਂ, ਕਾਲਜਾਂ, ਹਸਪਤਾਲਾਂ ਦੀ ਤਰੱਕੀ ਲਈ ਕੋਈ ਕਦਮ ਨਹੀਂ ਚੁੱਕਿਆ। ਉਦਯੋਗਾਂ ਨੂੰ ਬਰਬਾਦ ਕਰ ਦਿੱਤਾ। ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ਵਿੱਚ ਉਦਯੋਗਾਂ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਚੰਗੀ ਤੇ ਸਸਤੀ ਸਿੱਖਿਆ ਅਤੇ ਇਲਾਜ ਪ੍ਰਦਾਨ ਕੀਤਾ ਜਾਵੇਗਾ।
ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਹੱਥ ਨਸ਼ਾ ਮਾਫੀਆ ਅਤੇ ਝੂਠੇ ਸੁਫ਼ਨੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਹੀ ਮੌਕਾ ਹੈ। ਰਜਵਾੜਾਸ਼ਾਹੀ ਲੋਕਾਂ ਨੂੰ ਲੋਕਤੰਤਰ ਦੀ ਤਾਕਤ ਦਿਖਾਉਣ ਦਾ ਮੌਕਾ ਹੈ ਤਾਂ ਜੋ ਆਮ ਘਰ ਦੀ ਧੀ ਅਤੇ ਸਮਾਜਸੇਵੀ ਡਾ. ਜੀਵਨਜੋਤ ਕੌਰ ਦੇ ਹੱਥ ਸੱਤਾ ਦੀ ਲਗਾਮ ਦਿੱਤੀ ਜਾ ਸਕੇ। ਮਾਨ ਨੇ ਕਿਹਾ ਕਿ ਇੱਥੋਂ ਦੇ ਖਾਨਦਾਨੀ ਸਿਆਸੀ ਆਗੂ ਲੋਕਾਂ ਦੀਆਂ ਵੋਟਾਂ ਲੈ ਕੇ ਚੰਡੀਗੜ ਜਾ ਬੈਠਦੇ ਹਨ, ਜਦੋਂ ਕਿ ਆਮ ਲੋਕ ਵੱਖ- ਵੱਖ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਰਹੇ ਹਨ। ਆਮ ਅਦਾਮੀ ਪਾਰਟੀ ਰਾਜਨੀਤਿਕ ਤਬਦੀਲੀ ਦੇ ਨਾਲ ਨਾਲ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।ਇਸ ਸਮੇਂ ਪਾਰਟੀ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਸੂਬਾ ਅਤੇ ਸਥਾਨਕ ਪੱਧਰ ਦੇ ਆਗੂ ਵੀ ਹਾਜ਼ਰ ਸਨ।