ਭਾਜਪਾ ਗਠਜੋੜ ਦਾ ਪੰਜਾਬ ਲਈ ਚੋਣ ਮਨੋਰਥ ਪੱਤਰ ਭਗਵੰਤ ਮਾਨ ਵੱਲੋਂ ਝੂਠੇ ਲਾਰੇ ਅਤੇ ਚਿੱਟਾ ਧੋਖ਼ਾ ਕਰਾਰ
ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ), ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ (ਇਲੈਕਸ਼ਨ ਮੈਨੀਫ਼ੈਸਟੋ) ਨੂੰ ਝੂਠੇ ਲਾਰੇ ਅਤੇ ਚਿੱਟਾ ਧੋਖ਼ਾ ਕਰਾਰ ਦਿੱਤਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ), ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ (ਇਲੈਕਸ਼ਨ ਮੈਨੀਫ਼ੈਸਟੋ) ਨੂੰ ਝੂਠੇ ਲਾਰੇ ਅਤੇ ਚਿੱਟਾ ਧੋਖ਼ਾ ਕਰਾਰ ਦਿੱਤਾ ਹੈ।
ਮਾਨ ਨੇ ਕਿਹਾ ਕਿ, "ਇਸ ਵਿੱਚ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਕੁੱਝ ਵੀ ਨਹੀਂ ਹੈ।" ਉਨ੍ਹਾਂ ਨੇ ਕਿਹਾ ਕਿ "ਇਹ ਵੀ ਇਤਿਹਾਸ ਹੈ ਕਿ ਚੋਣ ਜਿੱਤਣ ਤੋਂ ਬਾਅਦ ਭਾਜਪਾ ਆਗੂ ਚੋਣ ਵਾਅਦਿਆਂ ਨੂੰ 'ਚੋਣਾਵੀ ਜ਼ੁਮਲੇ' ਐਲਾਨ ਕੇ ਵਾਅਦੇ ਪੂਰੇ ਕਰਨ ਮੁੱਕਰ ਜਾਂਦੇ ਹਨ।"
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ 2022 ਲਈ ਜਾਰੀ ਕੀਤੇ 11 ਨੁਕਾਤੀ ਚੋਣ ਮਨੋਰਥ ਪੱਤਰ ਬਾਰੇ ਕਈ ਸਵਾਲ ਚੁੱਕੇ ਹਨ।
ਮਾਨ ਨੇ ਕਿਹਾ ਭਾਜਪਾ ਦੇ ਸਹਿਯੋਗੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾ ਵੇਲੇ ਕਿਸਾਨਾਂ ਦੇ ਸਾਰੇ ਕਰਜੇ (ਸਰਕਾਰੀ ਬੈਕਾਂ, ਆੜਤੀਆਂ ਅਤੇ ਸਹਿਕਾਰੀ ਬੈਕਾਂ ਦੇ ਕਰਜੇ) ਮੁਆਫ਼ ਕਰਨ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ 'ਤੇ ਕਾਬਜ ਹੋਏ ਸਨ।ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਾਲੇ ਦੱਸਣ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਕਿਸਾਨ ਕਰਜ ਮੁਆਫੀ ਵਾਅਦੇ 'ਤੇ ਕੀ ਅਮਲ ਕੀਤਾ ਹੈ?
ਉਨਾਂ ਕਿਹਾ ਕਿ ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਗੋਗਲੂਆਂ ਤੋਂ ਮਿੱਟੀ ਝਾੜਦਿਆਂ 100 ਰੁਪਏ ਵਿਚੋਂ ਕੇਵਲ 5 ਰੁਪਏ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਹੈ, ਜੋ ਕਿਸਾਨਾਂ ਦੇ ਕੁੱਲ ਕਰਜੇ ਦਾ ਕੁੱਝ ਭਾਗ ਵੀ ਨਹੀਂ ਬਣਦਾ। ਸੰਯੁਕਤ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਮਾਨ ਨੇ ਪੁੱਛਿਆ ਕਿ ਉਨਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦਾ ਵਿੱਤ ਮੰਤਰੀ ਰਿਹਾ ਅਤੇ ਖੁੱਦ ਢੀਂਡਸਾ ਸਾਬ ਲੰਮੇ ਸਮੇਂ ਤੋਂ ਕੇਂਦਰ ਦੀ ਐਨ.ਡੀ.ਏ ਸਰਕਾਰ ਵਿੱਚ ਭਾਈਵਾਲ ਹਨ, ਪਰ ਢੀਂਡਸਾ ਪਰਿਵਾਰ ਨੇ ਪੰਜਾਬੀਆਂ ਦੀ ਭਲਾਈ ਲਈ ਕਦੇ ਕੁੱਝ ਨਹੀਂ ਕੀਤਾ।