Punjab Election: ਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਕਿਹਾ ਸੀ, ਜਿੰਨੀ ਦੇਰ ਪਿਤਾ ਨਹੀਂ ਜਿੱਤਦੇ, ਉਹ ਵਿਆਹ ਨਹੀਂ ਕਰਵਾਏਗੀ! ਹੁਣ ਕੀ?
Punjab Election: ਚੋਣਾਂ ਤੋਂ ਪਹਿਲਾਂ ਕਈ ਵੱਡੇ ਲੀਡਰਾਂ ਦੇ ਪਰਿਵਾਰ ਵਾਲਿਆਂ ਨੇ ਚੋਣ ਪ੍ਰਚਾਰ ਕੀਤਾ ਸੀ ਜਿਸ 'ਚ ਸਭ ਤੋਂ ਦਿਲਚਸਪ ਪ੍ਰਚਾਰ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਬੀਆ ਸਿੱਧੂ ਦਾ ਰਿਹਾ।
ਰਵਨੀਤ ਕੌਰ ਦੀ ਰਿਪੋਰਟ
Punjab Election: ਪੰਜਾਬ 'ਚ ਵਿਧਾਨ ਸਭਾ ਚੋਣਾਂ 2022 (Punjab Election 2022) 'ਤੇ ਸਾਰਿਆਂ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸੀ, ਕਿਉਂਕਿ ਇਸ ਵਾਰ ਪੰਜਾਬ 'ਚ ਚੋਣਾਂ ਬਹੁਤ ਦਿਲਚਸਪ ਰਹੀਆਂ। ਪੰਜਾਬ ਵਿਧਾਨ ਸਭਾ ਚੋਣਾਂ ਦੇ ਕੱਲ੍ਹ ਨਤੀਜੇ ਆ ਗਏ ਜਿਸ 'ਚ ਆਮ ਆਦਮੀ ਪਾਰਟੀ 'ਆਪ' (Aam Aadhmi party) ਦੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। 'ਆਪ' ਨੇ ਕੁੱਲ 92 ਸੀਟਾਂ ਨਾਲ ਬਹੁਮਤ ਹਾਸਲ ਕੀਤਾ ਹੈ।
ਚੋਣਾਂ ਤੋਂ ਪਹਿਲਾਂ ਕਈ ਵੱਡੇ ਲੀਡਰਾਂ ਦੇ ਪਰਿਵਾਰ ਵਾਲਿਆਂ ਨੇ ਚੋਣ ਪ੍ਰਚਾਰ ਕੀਤਾ ਸੀ ਜਿਸ 'ਚ ਸਭ ਤੋਂ ਦਿਲਚਸਪ ਪ੍ਰਚਾਰ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਬੀਆ ਸਿੱਧੂ ਦਾ ਰਿਹਾ। ਰਬੀਆ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇੱਕ ਵੱਡੀ ਗੱਲ ਕਹੀ ਸੀ ਕਿ ਜਿੰਨੀ ਦੇਰ ਉਨ੍ਹਾਂ ਦੇ ਪਿਤਾ ਜਿੱਤ ਹਾਸਲ ਨਹੀਂ ਕਰਦੇ ਉਹ ਵਿਆਹ ਨਹੀਂ ਕਰਵਾਏਗੀ। ਰਬੀਆ ਤੇ ਡਾ. ਨਵਜੋਤ ਕੌਰ ਸਿੱਧੂ ਲਗਾਤਾਰ ਉਨ੍ਹਾਂ ਦੇ ਹੱਕ 'ਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਜਿਸ ਦੌਰਾਨ ਉਨ੍ਹਾਂ ਕਈ ਲੀਡਰਾਂ 'ਤੇ ਤਨਜ਼ ਵੀ ਕੱਸੇ।
ਦੱਸ ਦੇਈਏ ਕਿ ਨਵਜੋਤ ਸਿੰਘ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਰਹੇ ਸੀ ਉਨ੍ਹਾਂ ਦੇ ਵਿਰੁੱਧ ਡਾ. ਜੀਵਨਜੋਤ ਕੌਰ ਤੇ ਬਿਕਰਮ ਮਜੀਠੀਆ ਇਸ ਹੌਟ ਸੀਟ 'ਤੇ ਖੜ੍ਹੇ ਸੀ। ਇਥੋਂ ਆਪ ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਦੋਵੇਂ ਮੰਨੇ-ਪ੍ਰਮੰਨੇ ਸਿਆਸੀ ਆਗੂਆਂ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਹੈ।
ਨਤੀਜੇ ਆਉਣ ਤੋਂ ਬਾਅਦ ਭਗਵੰਤ ਮਾਨ ਤੇ ਆਪ ਸੁਪਰੀਮੋ ਕੇਜਰੀਵਾਲ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਯਕੀਨ ਦਿਵਾਇਆ ਕਿ ਉਹ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਲਈ ਵਚਨਬੱਧ ਹਨ। ਆਪ ਦੀ ਪੰਜਾਬ 'ਚ ਇਹ ਇਤਿਹਾਸਕ ਜਿੱਤ ਹੋਈ ਹੈ। ਇਸ ਤੋਂ ਪਹਿਲਾਂ ਕਿਸੇ ਪਾਰਟੀ ਨੂੰ ਪੰਜਾਬ ਇੰਨਾ ਬਹੁਮਤ ਨਹੀਂ ਮਿਲਿਆ।
ਦੋ ਦਹਾਕਿਆਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਢਹਿ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਕੋਹਲੀ ਨੇ 19,873 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕੈਪਟਨ ਦੇ ਸ਼ਾਹੀ ਪਰਿਵਾਰ ਦਾ ਪਟਿਆਲਾ ਸ਼ਹਿਰੀ ਹਲਕੇ ਵਿੱਚ 20 ਸਾਲਾਂ ਤੋਂ ਕਬਜ਼ਾ ਚੱਲਦਾ ਆ ਰਿਹਾ ਸੀ। ਇਸ ਦੇ ਨਾਲ ਹੀ ਕੈਪਟਨ ਦਾ ਸਿਆਸੀ ਭਵਿੱਖ ਦਾਅ 'ਤੇ ਲੱਗ ਗਿਆ ਹੈ ਕਿਉਂਕਿ ਉਨ੍ਹਾਂ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ।