Punjab Elections 2022: ਸਿੱਧੂ ਮੂਸੇਵਾਲਾ ਨੇ ਅਸਟਾਮ ਪੇਪਰ 'ਤੇ ਕੀਤੇ ਸਾਈਨ, ਵਿਕਾਸ ਨਾ ਕਰਨ 'ਤੇ ਭੇਜ ਦਿਓ ਜੇਲ੍ਹ
ਸਰਪੰਚ ਕਮਲਦੀਪ ਕੌਰ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਸਾਡਾ ਸਾਰੀਆਂ ਪਾਰਟੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਉਹ ਭੋਲੇ-ਭਾਲੇ ਲੋਕਾਂ ਨਾਲ ਗੱਪਾਂ ਮਾਰ ਕੇ ਵੋਟਾਂ ਲੈਂਦੀਆਂ ਹਨ ਤੇ ਅਜਿਹਾ ਲਗਭਗ ਹਰ ਵਾਰ ਹੁੰਦਾ ਹੈ।
Punjab Elections 2022: ਚੋਣਾਂ ਸਮੇਂ ਉਮੀਦਵਾਰ ਵੱਡੇ-ਵੱਡੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਤਾਂ ਹਾਸਲ ਕਰ ਲੈਂਦੇ ਹਨ ਪਰ ਬਾਅਦ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪਿੰਡ ਖੀਵਾ ਕਲਾਂ ਦੀ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 11 ਮੰਗਾਂ ਪੂਰੀਆਂ ਕਰਨ ਲਈ 100 ਰੁਪਏ ਦੇ ਹਲਫ਼ਨਾਮੇ 'ਤੇ ਲਿਖਤੀ ਗਾਰੰਟੀ ਦੇ ਕੇ ਕਾਗਜ਼ 'ਤੇ ਲਿਖਿਆ ਹੈ ਕਿ ਜੇਕਰ ਉਹ ਇਹ ਮੰਗਾਂ ਪੂਰੀਆਂ ਨਹੀਂ ਕਰਦਾ ਤਾਂ ਉਸ 'ਤੇ 420 ਦਾ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਆਗੂ ਵਾਅਦੇ ਕਰਕੇ ਜਿੱਤਣ ਤੋਂ ਬਾਅਦ ਸਾਡੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਅਸੀਂ ਇਹ ਲਿਖਤੀ ਕਰਵਾਈ ਕੀਤੀ ਹੈ।
ਪਿੰਡ ਦੀ ਸਰਪੰਚ ਕਮਲਦੀਪ ਕੌਰ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਸਾਡਾ ਸਾਰੀਆਂ ਪਾਰਟੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਉਹ ਭੋਲੇ-ਭਾਲੇ ਲੋਕਾਂ ਨਾਲ ਗੱਪਾਂ ਮਾਰ ਕੇ ਵੋਟਾਂ ਲੈਂਦੀਆਂ ਹਨ ਤੇ ਅਜਿਹਾ ਲਗਭਗ ਹਰ ਵਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਤੋਂ ਮੰਗ ਕੀਤੀ ਸੀ ਕਿ ਅਸੀਂ ਉਨ੍ਹਾਂ ਨੂੰ ਉਦੋਂ ਹੀ ਸਮਰਥਨ ਦੇਵਾਂਗੇ ਜਦੋਂ ਉਹ ਸਾਡੇ ਪਿੰਡ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਸਟਾਮ 'ਤੇ ਦਸਤਖਤ ਕਰਨਗੇ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਸਾਡੀ ਗੱਲ ਮੰਨਦੇ ਹੋਏ ਸਾਨੂੰ ਅਸਟਾਮ ਦੇ ਕਾਗਜ਼ 'ਤੇ ਲਿਖ ਦਿੱਤਾ ਹੈ ਤੇ ਇਹ ਵੀ ਲਿਖਿਆ ਹੈ ਕਿ ਜੇਕਰ ਮੈਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪਿੰਡ ਦੀ ਪੰਚਾਇਤ ਮੇਰੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਹੱਕਦਾਰ ਹੋਵੇਗੀ। ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਪਿੰਡ ਦੇ ਵਿਕਾਸ ਲਈ ਦਿੱਤੇ ਲਿਖਤੀ ਭਰੋਸੇ ਦੀ ਲੋਕ ਸ਼ਲਾਘਾ ਕਰ ਰਹੇ ਹਨ।
ਪਿੰਡ ਵਾਸੀ ਜਗਸੀਰ ਸਿੰਘ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਸ਼ਲਾਘਾਯੋਗ ਪ੍ਰਾਪਤੀ ਹੈ ਕਿਉਂਕਿ ਆਮ ਤੌਰ ’ਤੇ ਸਰਕਾਰਾਂ ਹੀ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਪਿੱਛੇ ਹਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧ ਮੂਸੇਵਾਲਾ ਨੇ ਵਾਅਦਾ ਪੂਰਾ ਨਾ ਕੀਤਾ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਆਗੂ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਨਗੇ ਅਤੇ ਇਸ ਸਬੰਧੀ ਸਾਰੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾਵੇ ਤਾਂ ਜੋ ਆਗੂ ਕੀਤੇ ਵਾਅਦੇ ਪੂਰੇ ਕਰ ਸਕਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904