Punjab Exit Polls: ਮਾਲਵਾ 'ਚ ਵਿਗੜ ਸਕਦੀ ਆਮ ਆਦਮੀ ਦੀ ਖੇਡ, ਇਸ Exit Poll ਨੇ ਉਡਾਈ ਕਈਆਂ ਦੀ ਨੀਂਦ
Exit Poll: 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹੋਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਏ ਹਨ। ਵੱਖ-ਵੱਖ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਦਾ ਦਿਖਾਈ ਦੇ ਰਿਹਾ ਹੈ
ਮਨਪ੍ਰੀਤ ਕੌਰ ਦੀ ਰਿਪੋਰਟ
Exit Poll: 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹੋਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਏ ਹਨ। ਵੱਖ-ਵੱਖ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਦਾ ਦਿਖਾਈ ਦੇ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ 'ਆਪ' ਨੂੰ ਮਾਲਵਾ ਵਿੱਚੋਂ ਸਭ ਤੋਂ ਵੱਧ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਪਰ ਇਸ ਖੇਤਰ ਵਿੱਚ ਕਈ ਫੈਕਟਰ ਕੰਮ ਕੀਤੇ ਹਨ। ਇਸ ਲਈ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ।
ਸਿਆਸੀ ਮਾਹਿਰਾਂ ਮੁਤਾਬਕ ਡੇਰਾ ਸਿਰਸਾ ਦੀ ਵੋਟ, ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨਾ ਤੇ ਮਰਹੂਮ ਦੀਪ ਸਿੱਧੂ ਦੀ ਹਾਦਸੇ ਵਿੱਚ ਮੌਤ ਮਗਰੋਂ ਬਣਿਆ ਭਾਵੁਕ ਮਾਹੌਲ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਇਸ ਲਈ ਹਿੰਦੀ ਅਖਬਾਰ ਦੈਨਿਕ ਭਾਸਕਰ ਦਾ ਐਗਜ਼ਿਟ ਪੋਲ ਹੋਸ਼ ਉਡਾ ਦੇਣ ਵਾਲਾ ਹੈ। ਇਸ 'ਚ ਇਸ ਵਾਰ ਕੋਈ ਵੀ ਸਿਆਸੀ ਪਾਰਟੀ ਬਹੁਮਤ ਦੇ ਅੰਕੜੇ ਤੱਕ ਪਹੁੰਚਦੀ ਨਜ਼ਰ ਨਹੀਂ ਆ ਰਹੀ।
ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਇਸ ਵਾਰ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 38 ਤੋਂ 44 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ, ਪਰ ਇਸ ਲਈ ਲੋੜੀਂਦੀਆਂ 59 ਸੀਟਾਂ ਜਿੱਤਦੀ ਨਜ਼ਰ ਨਹੀਂ ਆ ਰਹੀ। 30 ਤੋਂ 39 ਸੀਟਾਂ ਨਾਲ ਅਕਾਲੀ ਦਲ-ਬਸਪਾ ਗਠਜੋੜ ਦੂਜੇ ਨੰਬਰ 'ਤੇ ਰਹਿ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਵੋਟਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਤੋਂ ਮਿਲੇ ਸਮਰਥਨ ਕਾਰਨ ਅਕਾਲੀ ਦਲ ਹੋਰ ਮਜ਼ਬੂਤ ਹੋ ਗਿਆ, ਜਿਸ ਨੇ 'ਆਪ' ਦੀ ਖੇਡ ਵਿਗਾੜ ਦਿੱਤੀ ਹੈ।
ਦੱਸ ਦਈਏ ਕਿ ਅੱਜ ਤੋਂ 53 ਸਾਲ ਪਹਿਲਾਂ ਵੀ 1969 ਵਿੱਚ ਤਿਕੋਣੀ ਵਿਧਾਨ ਸਭਾ ਦੀ ਸਥਿਤੀ ਬਣੀ ਸੀ ਜਦੋਂ 104 ਮੈਂਬਰੀ ਵਿਧਾਨ ਸਭਾ ਵਿੱਚ ਅਕਾਲੀ ਦਲ ਨੇ 43 ਤੇ ਕਾਂਗਰਸ ਨੇ 38 ਸੀਟਾਂ ਜਿੱਤੀਆਂ ਸਨ, ਜਦੋਂਕਿ 4 ਸੀਟਾਂ ਆਜ਼ਾਦ ਤੇ 17 ਹੋਰਾਂ ਨੂੰ ਮਿਲੀਆਂ ਸਨ। ਦੈਨਿਕ ਭਾਸਕਰ ਦਾ ਐਗਜ਼ਿਟ ਪੋਲ ਵੀ ਅਜਿਹੀ ਤਸਵੀਰ ਪੇਸ਼ ਕਰ ਰਿਹਾ ਹੈ।
ਇਸ ਚੋਣ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 77 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਨੂੰ ਇਸ ਵਾਰ ਸਿਰਫ਼ 26 ਤੋਂ 32 ਸੀਟਾਂ ਮਿਲਣ ਦੀ ਸੰਭਾਵਨਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਕੇ ਚੋਣਾਂ ਵਿੱਚ ਸ਼ਾਮਲ ਹੋਣ ਵਾਲੀ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 7-10 ਸੀਟਾਂ ਮਿਲਣ ਦੀ ਸੰਭਾਵਨਾ ਹੈ। 1 ਤੋਂ 2 ਸੀਟਾਂ ਦੂਜਿਆਂ ਦੇ ਖਾਤੇ 'ਚ ਜਾ ਸਕਦੀਆਂ ਹਨ।
ਹਾਲਾਂਕਿ 'ਆਪ' ਵੱਡੇ ਬਦਲਾਅ ਵਜੋਂ ਉੱਭਰ ਰਹੀ ਹੈ ਤੇ ਕਾਂਗਰਸ ਪਛੜਦੀ ਨਜ਼ਰ ਆ ਰਹੀ ਹੈ ਪਰ ਆਖਰੀ ਸਮੇਂ 'ਤੇ ਪੂਰੀ ਤਸਵੀਰ ਵੀ ਬਦਲ ਸਕਦੀ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ ਐਗਜ਼ਿਟ ਪੋਲ 'ਚ ਭਾਵੇਂ ਖਾਤਾ ਨਹੀਂ ਖੋਲ੍ਹ ਸਕੀਆਂ ਪਰ ਵੋਟਾਂ 'ਤੇ ਇਸ ਦਾ ਅਸਰ ਜ਼ਰੂਰ ਪੈ ਸਕਦਾ।