Punjab: ਮੁਲਾਜ਼ਮਾਂ ਲਈ ਅਹਿਮ ਖਬਰ, ਚੋਣਾਂ ਦੇ ਮੱਦੇਨਜ਼ਰ ਜਾਰੀ ਹੋਏ ਸਖ਼ਤ ਹੁਕਮ
Lok Sabha Elections: ਕਿਸੇ ਵੀ ਮੁਲਾਜ਼ਮ ਨੂੰ ਕੋਈ ਛੁੱਟੀ ਨਾ ਦਿੱਤੀ ਜਾਵੇ ਅਤੇ ਜੇਕਰ ਅਥਾਰਟੀ ਵੱਲੋਂ ਕੋਈ ਛੁੱਟੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਵਾਪਸ ਲੈ ਲਿਆ ਜਾਵੇ, ਜਦੋਂ ਤੱਕ ਕੋਈ ਮਜਬੂਰੀ ਜਾਂ ਅਸਾਧਾਰਨ ਸਥਿਤੀ ਪੈਦਾ ਨਾ ਹੋਵੇ।
ਦੇਸ਼ ਭਰ ਵਿਚ ਲੋਕਸਭਾ ਚੋਣਾਂ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ। 19 ਅਪ੍ਰੈਲ ਤੋਂ ਦੇਸ਼ ਵਿਚ ਲੋਕ ਸਭਾ ਲਈ ਵੋਟਿੰਗ ਸ਼ੁਰੂ ਹੋ ਜਾਵੇਗੀ। ਹਾਲਾਂਕਿ ਪੰਜਾਬ ਵਿਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਇਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਲਈ ਨਗਰ ਨਿਗਮ ਦੇ ਜ਼ਿਆਦਾਤਰ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹਨ, ਉੱਥੇ ਇਨ੍ਹਾਂ ਮੁਲਾਜ਼ਮਾਂ ਨੂੰ ਲੋਕ ਸਭਾ ਚੋਣਾਂ ਤੱਕ ਛੁੱਟੀ ਵੀ ਨਹੀਂ ਮਿਲੇਗੀ, ਸਗੋਂ ਪਹਿਲਾਂ ਤੋਂ ਛੁੱਟੀ 'ਤੇ ਚੱਲ ਰਹੇ ਮੁਲਾਜ਼ਮਾਂ ਨੂੰ ਵਾਪਸ ਡਿਊਟੀ 'ਤੇ ਆਉਣਾ ਹੋਵੇਗਾ।
ਇਹ ਫਰਮਾਨ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਲਈ ਜਲਦ ਹੀ ਇਲੈਕਸ਼ਨ ਸਟਾਫ ਅਤੇ ਮਾਈਕ੍ਰੋ ਆਬਜ਼ਰਵਰ ਦੀ ਟ੍ਰੇਨਿੰਗ ਸ਼ੁਰੂ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਫ਼ੈਸਲੇ ਨੂੰ ਲਾਗੂ ਕਰਨ ਦੀ ਸਹਿਮਤੀ ਨਗਰ ਨਿਗਮ ਕਮਿਸ਼ਨਰ ਵੱਲੋਂ ਦਿੱਤੇ ਗਈ ਗਈ ਹੈ, ਇਸ ਸਬੰਧੀ ਸਰਕੂਲਰ ਸਾਰੇ ਮੁਲਾਜ਼ਮਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ।
ਨਵੇਂ ਮਾਮਲਿਆਂ 'ਚ ਲੈਣੀ ਹੋਵੇਗੀ ਡੀ. ਸੀ. ਦੀ ਮਨਜ਼ੂਰੀ
ਮੁਲਾਜ਼ਮਾਂ ਨੂੰ ਲੋਕ ਸਭਾ ਚੋਣ ਤੱਕ ਛੁੱਟੀ ਨਾ ਦੇਣ ਸਮੇਤ ਡਿਊਟੀ 'ਤੇ ਵਾਪਸ ਬੁਲਾਉਣ ਦਾ ਫ਼ੈਸਲਾ ਨਗਰ ਨਿਗਮ ਦੇ ਨਾਲ ਬਾਕੀ ਵਿਭਾਗਾਂ 'ਤੇ ਵੀ ਲਾਗੂ ਹੋਵੇਗਾ। ਇਸ ਦੌਰਾਨ ਕਿਸੇ ਮੁਲਾਜ਼ਮ ਨੂੰ ਕਿਸੇ ਖ਼ਾਸ ਵਜ੍ਹਾ ਨਾਲ ਛੁੱਟੀ ਦੇਣ ਲਈ ਬ੍ਰਾਂਚ ਹੈੱਡ ਦੀ ਸਿਫਾਰਿਸ਼ ਦੇ ਨਾਲ ਡੀ. ਸੀ. ਦੀ ਮਨਜ਼ੂਰੀ ਲੈਣੀ ਹੋਵੇਗੀ।
ਇਸ ਦੇ ਨਾਲ ਹੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਮੁਲਾਜ਼ਮਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਚੋਣ ਸਮੇਂ ਦੌਰਾਨ ਕਿਸੇ ਵੀ ਮੁਲਾਜ਼ਮ ਨੂੰ ਕੋਈ ਛੁੱਟੀ ਨਾ ਦਿੱਤੀ ਜਾਵੇ ਅਤੇ ਜੇਕਰ ਅਥਾਰਟੀ ਵੱਲੋਂ ਕੋਈ ਛੁੱਟੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਵਾਪਸ ਲੈ ਲਿਆ ਜਾਵੇ, ਜਦੋਂ ਤੱਕ ਕੋਈ ਮਜਬੂਰੀ ਜਾਂ ਅਸਾਧਾਰਨ ਸਥਿਤੀ ਪੈਦਾ ਨਾ ਹੋਵੇ। ਸਬੰਧਤ ਵਿਭਾਗ ਦੇ ਮੁਖੀ ਵੱਲੋਂ ਹੇਠਲੇ ਹਸਤਾਖਰਾਂ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
ਦੱਸ ਦਈਏ ਕਿ ਦੇਸ਼ ‘ਚ ਆਮ ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ, ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ, ਜਦਕਿ ਤੀਜੇ ਪੜਾਅ ਦੀ ਵੋਟਿੰਗ 7 ਮਈ ਨੂੰ, ਚੌਥੇ ਪੜਾਅ ਦੀ ਵੋਟਿੰਗ 13 ਮਈ ਨੂੰ, ਪੰਜਵੇਂ ਪੜਾਅ ਦੀ ਵੋਟਿੰਗ 20 ਮਈ ਨੂੰ ਹੋਵੇਗੀ। ਛੇਵੇਂ ਪੜਾਅ ਦੀ ਵੋਟਿੰਗ 25 ਮਈ ਨੂੰ ਹੋਵੇਗੀ ਅਤੇ ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪੰਜਾਬ ‘ਚ 1 ਜੂਨ ਨੂੰ ਵੋਟਾਂ ਪੈਣਗੀਆਂ।