ਮੁੰਬਈ: ਕੰਗਨਾ ਰਣੌਤ ਜੋ ਆਪਣੀਆਂ ਫਿਲਮਾਂ ਲਈ ਘੱਟ ਤੇ ਹਰ ਤਰ੍ਹਾਂ ਦੇ ਵਿਵਾਦਾਂ ਲਈ ਵੱਧ ਚਰਚਾ 'ਚ ਰਹਿੰਦੀ ਹੈ, ਹੁਣ ਜਲਦੀ ਹੀ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਯੋਧਾ ਦੇ ਰੂਪ 'ਚ ਦਿਖਾਈ ਦੇਵੇਗੀ। ਕੰਗਨਾ ਨੇ ਐਲਾਨ ਕੀਤਾ ਕਿ ਇਹ ਫਿਲਮ ਸਾਲ 2018 'ਚ ਰਿਲੀਜ਼ ਹੋਈ ਫਿਲਮ 'ਮਣੀਕਰਣਿਕਾ- ਦ ਕਵੀਨ ਆਫ ਝਾਂਸੀ' ਦੀ ਫਰੈਂਚਾਇਜ਼ੀ ਸੀਕਵਲ ਹੋਵੇਗੀ ਤੇ ਇਸ ਦਾ ਟਾਇਟਲ 'ਮਣੀਕਰਣਿਕਾ ਰਿਟਰਨਜ਼-ਦ ਲੀਜੈਂਡ ਆਫ ਦਿਡਾ' ਹੋਵੇਗਾ।
ਰਾਣੀ ਦਿਡਾ ਅਣਵੰਡੇ ਕਸ਼ਮੀਰ ਦੀ ਬਹਾਦਰ ਰਾਣੀ ਵਜੋਂ ਜਾਣੀ ਜਾਂਦੀ ਹੈ ਜਿਸ ਨੇ ਇੱਕ ਪੈਰ ਦੇ ਅਪੰਗ ਹੋਣ ਦੇ ਬਾਵਜੂਦ ਮੁਗਲ ਹਮਲਾਵਰ ਸ਼ਾਸਕ ਮਹਿਮੂਦ ਗਜ਼ਨਵੀ ਨੂੰ ਦੋ ਵਾਰ ਲੜਾਈ 'ਚ ਹਰਾਇਆ। ਉਨ੍ਹਾਂ ਨੂੰ ਅੱਜ ਵੀ ਇੱਕ ਮਜ਼ਬੂਤ ਦਿਮਾਗ ਦੀ ਰਾਣੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਕੰਗਨਾ ਰਣੌਤ ਦੀ ਅਗਲੀ ਫਿਲਮ 'ਥਲਾਈਵੀ' ਹੋਵੇਗੀ, ਜਿਸ 'ਚ ਉਹ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਭੂਮਿਕਾ 'ਚ ਨਜ਼ਰ ਆਵੇਗੀ।
ਇਸ ਫਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਪੂਰੀ ਹੋ ਗਈ ਹੈ। ਇਸ ਤੋਂ ਇਲਾਵਾ ਉਹ ਇਸ ਸਮੇਂ ਐਕਸ਼ਨ ਫਿਲਮਾਂ ‘ਧਾਕੜ' ਤੇ ‘ਤੇਜਸ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਕੰਗਨਾ ਦਾ ਕਹਿਣਾ ਹੈ ਕਿ ਉਹ ਆਪਣੀ ਬਾਕੀ ਫਿਲਮਾਂ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਹੀ ‘ਮਣੀਕਰਣਿਕਾ ਰਿਟਰਨਜ਼ - ਦ ਲੀਜੈਂਡ ਆਫ ਦਿਡਾ’ ਦੀ ਸ਼ੂਟਿੰਗ ਕਰੇਗੀ। ਸੂਤਰਾਂ ਦੇ ਅਨੁਸਾਰ ਉਹ ਇਸ ਫਿਲਮ ਦੀ ਸ਼ੂਟਿੰਗ ਜਨਵਰੀ 2022 ਵਿੱਚ ਸ਼ੁਰੂ ਕਰੇਗੀ।
ਇਸ ਫਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਫਰੈਂਚਾਇਜ਼ੀ ਫਿਲਮ ਦਾ ਸੀਕਵਲ ਪਹਿਲੀ ਫਿਲਮ ਨਾਲੋਂ ਜ਼ਿਆਦਾ ਸ਼ਾਨਦਾਰ ਤੇ ਵੱਡੇ ਬਜਟ ਵਾਲਾ ਹੋਵੇਗਾ ਪਰ ਫਿਲਹਾਲ ਇਹ ਤੈਅ ਨਹੀਂ ਹੋਇਆ ਹੈ ਕਿ ਕੰਗਨਾ ਰਣੌਤ ਖੁਦ ਇਸ ਫਿਲਮ ਨੂੰ ਡਾਇਰੈਕਟ ਕਰੇਗੀ ਜਾਂ ਕੋਈ ਹੋਰ ਇਸ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲਦਾ ਹੈ।