ਨਵੀਂ ਦਿੱਲੀ: ਬਾਲੀਵੁੱਡ ਫ਼ਿਲਮਾਂ ਦਾ ਤਾਂ ਇਨ੍ਹੀਂ ਦਿਨੀ ਜਿੱਦਾਂ ਬੁਰਾ ਸਮਾਂ ਚੱਲ ਰਿਹਾ ਹੈ। ਸੰਜੇ ਲੀਲਾ ਭੰਸਾਲੀ ਦੀ ਫਿਲਮ "ਪਦਮਾਵਤੀ" ਨੂੰ ਲੈ ਕੇ ਉੱਠਿਆ ਬਵਾਲ ਹਾਲੇ ਥੰਮ੍ਹਿਆ ਨਹੀਂ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਬਣ ਰਹੀ ਫਿਲਮ "ਐਨ ਇੰਸਿਗਨੀਫਿਕੈਂਟ ਮੈਨ" ਵੀ ਵਿਵਾਦਾਂ ਦਾ ਸਬੱਬ ਬਣਦੀ ਜਾ ਰਹੀ ਹੈ। ਗੁਜਰਾਤ ਵਿੱਚ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਗੁਜਰਾਤ ਹਾਈਕੋਰਟ ਵਿੱਚ ਫਿਲਮ ਦੀ ਰਿਲੀਜ਼ 'ਤੇ ਰੋਕ ਲਾਉਣ ਲਈ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਵਕੀਲ ਭਾਵਿਕ ਸੋਮਾਨੀ ਨੇ ਪਟੀਸ਼ਨ ਲਾਈ ਹੈ। ਉਨ੍ਹਾਂ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਫਿਲਮ ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਹ ਫਿਲਮ 17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਭਾਵਿਕ ਸੋਮਾਨੀ ਦਾ ਮੰਨਣਾ ਹੈ ਕਿ ਇਹ ਫਿਲਮ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਇਹ ਹੀ ਗੱਲ ਉਨ੍ਹਾਂ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਵੀ ਕਹੀ ਹੈ।
ਗੁਜਰਾਤ ਵਿੱਚ 9 ਤੇ 14 ਦਸੰਬਰ ਨੂੰ ਚੋਣਾਂ ਹਨ। ਅਜਿਹੇ ਵਿੱਚ ਸੋਮਾਨੀ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਇਹ ਫਿਲਮ ਸੋਸ਼ਲ ਮੀਡੀਆ ਤੇ ਵਾਇਰਲ ਨਾ ਹੋਵੇ ਕਿਉਂਕਿ ਇਹ ਫਿਲਮ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਦਾ ਮਹੱਤਵਪੂਰਨ ਤਰੀਕਾ ਹੋ ਸਕਦੀ ਹੈ ਤੇ ਵੱਡੇ ਪੱਧਰ ਤੇ ਵੋਟਰਾਂ ਨੂੰ ਲੁਭਾ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਫਿਲਮ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਪਹਿਲਾਂ ਜਦ ਪਹਿਲਾਜ਼ ਨਹਿਲਾਣੀ ਸੈਂਸਰ ਬੋਰਡ ਦੇ ਪ੍ਰਧਾਨ ਦੇ ਅਹੁਦੇ 'ਤੇ ਸੀ ਉਨ੍ਹਾਂ ਨੇ ਇਸ ਫਿਲਮ ਤੇ ਇਤਰਾਜ਼ ਜਤਾਇਆ ਸੀ।
ਨਿਲਹਾਨੀ ਨੇ ਫਿਲਮ ਦੀ ਰਿਲੀਜ਼ ਦੇ ਲਈ ਨਿਰਮਾਤਾ ਨੂੰ ਕਿਹਾ ਸੀ ਕਿ ਪਹਿਲਾਂ ਉਹ ਪੀ.ਐਮ ਮੋਦੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਅਰਵਿੰਦ ਕੇਜਰੀਵਾਲ ਤੋਂ ਐਨ.ਓ.ਸੀ ਲੈ ਕੇ ਆਉਣ ਉਸ ਤੋਂ ਬਾਅਦ ਹੀ ਫਿਲਮ ਰਿਲੀਜ਼ ਹੋਵੇਗੀ। ਹਾਲਾਂਕਿ ਬਾਅਦ ਵਿੱਚ ਫਿਲਮ ਫਿਲਮ ਪ੍ਰਵਾਨਗੀ ਐਪੀਲੇਟ ਟ੍ਰਿਬਿਊਨਲ ਨੇ ਫ਼ਿਲਮ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਅਜਿਹੇ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਇਨ੍ਹਾਂ ਫ਼ਿਲਮਾਂ ਦੇ ਚੰਗੇ ਦਿਨ ਕਦੋਂ ਆਉਣਗੇ ਤੇ ਇਨ੍ਹਾਂ ਨਾਲ ਜੁੜੇ ਵਿਵਾਦ ਕਦੋਂ ਖਤਮ ਹੋਣਗੇ।