ਨਵੀਂ ਦਿੱਲੀ: ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਅੱਜ ਕਿਹਾ ਕਿ ਉਹ ਆਪਣੀ ਲਿੰਗਕ ਪ੍ਰਵਿਰਤੀ 'ਤੇ ਸ਼ਰਮਿੰਦਾ ਨਹੀਂ ਬਲਕਿ ਉਸ ਨੂੰ ਇਸ 'ਤੇ ਮਾਣ ਹੈ। ਉਹ ਇਹ ਵੀ ਮੰਨਦਾ ਹੈ ਕਿ ਇਸੇ ਨਾਲ ਹੀ ਉਸ ਦੀ ਪਛਾਣ ਹੈ।
ਆਪਣੀ ਜੀਵਨੀ 'ਐਨ ਅਨਸੂਟੇਬਲ ਬੁਆਏ' ਰਾਹੀਂ ਪਹਿਲੀ ਵਾਰ ਆਪਣੇ ਯੌਨਮੁਖੀ ਸੁਭਾਅ ਬਾਰੇ ਗੱਲ ਕਰਨ ਵਾਲੇ ਫ਼ਿਲਮਕਾਰ ਨੇ ਕਿਹਾ ਕਿ ਇਹ ਕਿਤਾਬ ਉਸ ਵੱਲੋਂ ਦੁਨੀਆਂ ਅੰਤਮ ਜਵਾਬ ਹੈ ਤੇ ਉਹ ਇਸ ਤੋਂ ਵੱਧ ਕੁਝ ਨਹੀਂ ਬੋਲਣਾ ਚਾਹੁੰਦਾ।
ਇੱਕ ਪ੍ਰੋਗਰਾਮ ਵਿੱਚ ਉਸ ਨੇ ਕਿਹਾ ਕਿ ਉਸ ਨੇ ਜੋ ਕਿਤਾਬ ਵਿੱਚ ਲਿਖਿਆ ਹੈ, ਉਹ ਸੱਚ ਹੈ ਤੇ ਉਹ ਆਪਣੇ ਹਰ ਸ਼ਬਦ 'ਤੇ ਕਾਇਮ ਹੈ। ਜੌਹਰ ਨੇ ਕਿਹਾ ਕਿ ਲੋਕਾਂ ਨੇ ਕਿਤਾਬ ਵਿੱਚ ਲਿੰਗਕ ਸੁਭਾਅ ਬਾਰੇ ਸਿੱਧੇ ਤੌਰ 'ਤੇ ਨਾ ਲਿਖੇ ਜਾਣ ਕਾਰਨ ਉਸ ਨੂੰ ਕਈ ਵਾਰ ਟ੍ਰੋਲ ਵੀ ਕੀਤਾ ਹੈ।
ਕਰਨ ਜੌਹਰ ਨੇ ਕਿਹਾ ਕਿ ਉਹ ਰੋਜ਼ ਸਵੇਰੇ ਜਦੋਂ ਉੱਠਦਾ ਹੈ ਤਾਂ ਟ੍ਰੋਲਿੰਗ ਦਾ ਸ਼ਿਕਾਰ ਹੁੰਦਾ ਹੈ। ਟਵਿੱਟਰ, ਇੰਸਟਾਗ੍ਰਾਮ ਤੇ ਹੋਰ ਥਾਵਾਂ 'ਤੇ ਉਸ ਵਿਰੁੱਧ ਧਾਵਾ ਬੋਲਿਆ ਹੁੰਦਾ ਹੈ। ਜੇਕਰ ਮੈਂ ਕਿਸੇ ਤਸਵੀਰ ਵਿੱਚ ਪਾਊਟ (ਬੁੱਲਾਂ ਨੂੰ ਘੁੱਟ ਕੇ ਚੁੰਮਣ ਵਾਂਗ ਕਾਮੁਕ ਮੁਦਰਾ ਵਿੱਚ ਲਿਆਉਣਾ) ਕਰਦਾ ਵਿਖਾਈ ਦਿੰਦਾ ਹਾਂ ਤਾਂ ਲੋਕ ਗੰਦੀਆਂ-ਗੰਦੀਆਂ ਟਿੱਪਣੀਆਂ ਕਰਦੇ ਹਨ।