ਨਵੀਂ ਦਿੱਲੀ: ਪਦਮਾਵਤੀ ਫ਼ਿਲਮ ਬਾਰੇ ਛਿੜੇ ਵਿਵਾਦ ਦੌਰਾਨ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮਿਲ ਰਹੀਆਂ ਧਮਕੀਆਂ ਨੂੰ 'ਮਾੜੀ' ਗੱਲ ਦੱਸਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਕਿਹਾ ਹੈ ਕਿ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ ਪਰ ਹਿੰਸਾ ਕੋਈ ਹੱਲ ਨਹੀਂ ਹੈ।

ਅਦਾਕਾਰ ਦਾ ਕਹਿਣਾ ਹੈ ਕਿ ਪਦਮਾਵਤੀ ਬਾਰੇ ਉਹ ਕੋਈ ਸਿੱਧੀ ਗੱਲ ਨਹੀਂ ਕਰਨਾ ਚਾਹੁੰਦੇ ਪਰ ਹਿੰਸਾ ਕੋਈ ਹੱਲ ਨਹੀਂ ਹੈ। ਇੱਕ ਇੰਟਰਵਿਊ ਵਿੱਚ ਆਮਿਰ ਖ਼ਾਨ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਸਾਰਿਆਂ ਨੂੰ ਵਿਰੋਧ ਕਰਨ ਦਾ ਹੱਕ ਹੈ ਪਰ ਲੋਕਤੰਤਰ ਅਤੇ ਦੇਸ਼ ਵਿੱਚ ਜਿੱਥੇ ਅਸੀਂ ਕਾਨੂੰਨ ਵਿੱਚ ਯਕੀਨ ਰਖਦੇ ਹਾਂ, ਕਿਸੇ ਨੂੰ ਕਿਸੇ ਵਲੋਂ ਹਿੰਸਾ ਦੀ ਧਮਕੀ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਬੜੀ ਮਾੜੀ ਗੱਲ ਹੈ।"

ਰਾਜਪੂਤਾਂ ਦੇ ਵਿਰੋਧ ਕਰਕੇ ਇਸ ਫ਼ਿਲਮ ਦੀ ਰਿਲੀਜ਼ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧ ਕਰਨ ਵਾਲੇ ਭੰਸਾਲੀ 'ਤੇ ਇਤਿਹਾਸ ਨਾਲ ਛੇੜਛਾੜ ਦਾ ਇਲਜ਼ਾਮ ਲਾ ਰਹੇ ਹਨ। ਭੰਸਾਲੀ ਦਾ ਕਹਿਣਾ ਹੈ ਕਿ ਇਹ ਫਿਲਮ 16ਵੀਂ ਸਦੀ ਦੀ ਰਾਣੀ ਪਦਮਾਵਤੀ ਦੇ ਅਧਾਰਤ ਹੈ। ਦੀਪਿਕਾ ਅਤੇ ਭੰਸਾਲੀ ਨੂੰ ਜਾਣੋਂ ਮਾਰਣ ਦੀ ਧਮਕੀ ਤੋਂ ਬਾਅਦ ਮਾਮਲਾ ਕੁਝ ਜ਼ਿਆਦਾ ਹੀ ਸੰਗੀਨ ਹੋ ਗਿਆ ਹੈ।

ਆਮਿਰ ਨੇ ਕਿਹਾ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜ਼ਿੰਦਗੀ ਵਿੱਚ ਕਿਹੜੇ ਖੇਤਰ ਨਾਲ ਜੁੜੇ ਹੋ। ਫ਼ਿਲਮੀ ਹੋ ਜਾਂ ਗ਼ੈਰ ਫ਼ਿਲਮੀ। ਕਿਸੇ ਨੂੰ ਵੀ ਜਾਣੋਂ ਮਾਰਨ ਦੀ ਧਮਕੀ ਦੇਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸਿਧਾਂਤ 'ਤੇ ਯਕੀਨ ਨਹੀਂ ਰੱਖਦਾ।"