ਮੁੰਬਈ-ਅਮਿਤਾਭ ਬੱਚਨ ਨੇ ਅਦਾਕਾਰਾ ਤੇ ਲੇਖਕ ਸੋਹਾ ਅਲੀ ਖ਼ਾਨ ਦੀ ਕਿਤਾਬ ‘ਦਿ ਪੈਰਿਲਜ਼ ਆਫ਼ ਬੀਂਗ ਮੋਡਰੇਟਲੀ ਫੇਮਸ’ ਦੀ ਤਾਰੀਫ਼ ਵਿੱਚ ਪੱਤਰ ਲਿਖਿਆ ਹੈ। ਸੋਹਾ ਨੇ ਟਵਿੱਟਰ ’ਤੇ ਬਿੱਗ ਬੀ ਵੱਲੋਂ ਲਿਖਿਆ ਪੱਤਰ ਸਾਂਝਾ ਕੀਤਾ ਹੈ।

ਪੱਤਰ ’ਚ ਲਿਖਿਆ ਹੈ: ‘ਤੁਹਾਡੀ ਕਿਤਾਬ ਪੜ੍ਹਦਿਆਂ ਮੇਰੇ ਜ਼ਹਿਨ ’ਚ ਜਿਹੜੀ ਗੱਲ ਆਈ ਉਹ ਸੀ ਹਿੰਮਤ ਤੇ ਦ੍ਰਿੜ੍ਹ ਸੰਕਲਪ। ਅਸਲ ਜ਼ਿੰਦਗੀ ਵਿੱਚ ਭਾਵੇਂ ਤੁਸੀਂ ਬਹੁਤ ਘੱਟ ਬੋਲਦੇ ਸੀ ਤੇ ਖ਼ੁਦ ਨੂੰ ਸਪੌਟਲਾਈਟ ਤੋਂ ਵੀ ਦੂਰ ਰੱਖਿਆ, ਪਰ ਕਿਤਾਬ ਵਿੱਚ ਤੁਸੀਂ ਜਿਸ ਹੁਨਰ ਨਾਲ ਆਪਣੀ ਖ਼ਾਲਸ ਤੇ ਮਜ਼ਾਹੀਆ ਸੋਚਣ ਸ਼ਕਤੀ ਨੂੰ ਪੇਸ਼ ਕੀਤਾ ਹੈ, ਉਸ ਤੋਂ ਇਕ ਗੱਲ ਤਾਂ ਪੱਕੀ ਹੈ ਕਿਤਾਬ ਵਿੱਚ ਕੁਝ ਦਾ ਹੈਰਾਨ ਕਰਨ ਵਾਲਾ ਹੈ।’

ਸੋਹਾ ਨੇ ਟਵੀਟ ’ਚ ਲਿਖਿਆ, ‘ਇਹ ਪੱਤਰ ਹਾਸਲ ਕਰ ਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਅਮਿਤਾਭ ਬੱਚਨ ਜੀ ਇਹ ਪੱਤਰ ਲਿਖਣ ਲਈ ਜਿਹੜਾ ਤੁਸੀਂ ਸਮਾਂ ਕੱਢਿਆ, ਉਸ ਲਈ ਤੁਹਾਡਾ ਧੰਨਵਾਦ। ਇਹ ਬਹੁਤ ਵੱਡੀ ਹੱਲਾਸ਼ੇਰੀ ਹੈ।’