ਮੁੰਬਈ: ਅਦਾਕਾਰਾ ਮੱਲਿਕਾ ਸ਼ੇਰਾਵਤ ਭਾਰਤ ਵਿੱਚ ਬੱਚਿਆਂ ਦੀ ਤਸਕਰੀ ਤੇ ਜਿਨਸੀ ਸ਼ੋਸ਼ਣ ਖ਼ਿਲਾਫ਼ ਲੜੇਗੀ। ਉਸ ਨੇ ਇਸ ਕਾਰਜ ਲਈ ਐਨਜੀਓ ‘ਫ੍ਰੀ ਏ ਗਰਲ’ ਨਾਲ ਹੱਥ ਮਿਲਾਇਆ ਹੈ। ਮੱਲਿਕਾ ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਵੀ ਲਿਖਿਆ ਹੈ।

ਮੱਲਿਕਾ ਨੇ ਪੱਤਰ ’ਚ ਐਨਜੀਓ ਦੀ ਸੰਸਥਾਪਕ ਐਵੀਲੀਨ ਹੋਲਸਕੇਨ ਨੂੰ ਵੀਜ਼ਾ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ। ਸਰਕਾਰ ਹੋਲਸਕੇਨ ਦੀ ਵੀਜ਼ਾ ਸਬੰਧੀ ਅਰਜ਼ੀ ਨੂੰ ਵੀ ਕਈ ਵਾਰ ਰੱਦ ਕਰ ਚੁੱਕੀ ਹੈ। ਇਸ ਐਨਜੀਓ ਨੂੰ ਬਾਲ ਤਸਕਰੀ ਤੇ ਮਹਿਲਾ ਕਲਿਆਣ ਦੇ ਖੇਤਰ ਵਿੱਚ ਅਸਾਧਾਰਨ ਕੰਮਾਂ ਲਈ ਜਾਣਿਆ ਜਾਂਦਾ ਹੈ। ਸ਼ੇਰਾਵਤ ‘ਸਕੂਲ ਫਾਰ ਜਸਟਿਸ’ ਦੀ ਬ੍ਰਾਂਡ ਅੰਬੈਸੇਡਰ ਵੀ ਹੈ।

ਇਹ ਸਕੂਲ ‘ਫ੍ਰੀ ਏ ਗਰਲ’ ਐਨਜੀਓ ਦੀ ਨਿਵੇਕਲੀ ਪਹਿਲ ਹੈ। ਸਕੂਲ ਵੱਲੋਂ ਦੇਹ ਵਪਾਰ ਵਿੱਚੋਂ ਕੱਢੀਆਂ ਗਈਆਂ ਕੁੜੀਆਂ ਨੂੰ ਸਿੱਖਿਆ, ਸਿਖਲਾਈ ਤੇ ਹਮਾਇਤ ਦੇ ਕੇ ਇਸ ਪ੍ਰਬੰਧ ਨੂੰ ਬਦਲਣ ਲਈ ਮਦਦ ਦੇਣ ਦਾ ਕੰਮ ਕੀਤਾ ਜਾਂਦਾ ਹੈ। ਮੱਲਿਕਾ ਨੇ ਕਿਹਾ, ‘ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕਾਫ਼ੀ ਗੰਭੀਰ ਹਾਂ ਤੇ ਚਾਹੁੰਦੀ ਹਾਂ ਕਿ ਸਰਕਾਰ ਇਸ ਐਨਜੀਓ ਦੀ ਸਹਿ-ਬਾਨੀ ਨੂੰ ਭਾਰਤੀ ਵੀਜ਼ਾ ਹਾਸਲ ਕਰਨ ਵਿੱਚ ਮਦਦ ਕਰੇ।’