ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸੱਟਾ ਲਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਕਰੇ ਕਾਲਾ ਹਿਰਨ ਮਾਰਨ ਵਾਲੇ ਸਲਮਾਨ ਖ਼ਾਨ ਦੇ ਭਰਾ ਤੇ ਫ਼ਿਲਮਕਾਰ ਅਰਬਾਜ਼ ਖ਼ਾਨ ਨੇ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸੱਟਾ ਲਾਉਣ ਦੀ ਗੱਲ ਕਬੂਲ ਲਈ ਹੈ। ਸੂਤਰਾਂ ਮੁਤਾਬਕ ਅਰਬਾਜ਼ ਨੇ ਆਪਣਾ ਗੁਨਾਹ ਕਬੂਲਦੇ ਹੋਏ ਇਹ ਵੀ ਕਿਹਾ ਕਿ ਉਹ ਸੱਟੇਬਾਜ਼ ਸੋਨੂੰ ਜਲਾਨ ਨੂੰ ਪਿਛਲੇ ਪੰਜ ਸਾਲਾਂ ਤੋਂ ਜਾਣਦਾ ਸੀ।

 

ਅਰਬਾਜ਼ ਨੇ ਦੱਸਿਆ ਕਿ ਉਹ ਪੌਣੇ ਤਿੰਨ ਕਰੋੜ ਰੁਪਏ ਸੱਟੇਬਾਜ਼ੀ ਵਿੱਚ ਹਾਰ ਗਿਆ ਸੀ ਤੇ ਇਹ ਰਕਮ ਉਸ ਨੇ ਸੋਨੂੰ ਜਲਾਨ ਨੂੰ ਦੇਣੀ ਸੀ। ਸੂਤਰ ਦੱਸਦੇ ਹਨ ਕਿ ਸੋਨੂੰ ਆਪਣੀ ਵਸੂਲਗੀ ਲਈ ਅਰਬਾਜ਼ ਨੂੰ ਧਮਕੀ ਵੀ ਦਿੱਤੀ ਸੀ।
ਪੁਲਿਸ ਨੇ ਸੋਨੂੰ ਜਲਾਨ ਨੂੰ ਲੰਘੀ 27 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਠਾਣੇ ਪੁਲਿਸ ਮੁਤਾਬਕ ਦੁਬਈ ਵਿੱਚ ਬੈਠੇ ਦਾਊਦ ਗੈਂਗ ਦੇ ਕੁਝ ਬਦਮਾਸ਼ ਸੋਨੂੰ ਦੇ ਸੰਪਰਕ ਵਿੱਚ ਸਨ ਤੇ ਉਸ ਰਾਹੀਂ ਆਈਪੀਐਲ ਮੈਚਾਂ 'ਤੇ ਸ਼ਰਤਾਂ ਲਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਠਾਣੇ ਪੁਲਿਸ ਹੁਣ ਅਸ ਮਾਮਲੇ 'ਤੇ ਮਕੋਕਾ ਲਾਉਣ ਦੀ ਤਿਆਰੀ ਵਿੱਚ ਹੈ।

ਸੋਨੂੰ ਜਲਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਜਾਂਚ ਵਿੱਚ ਕਈ ਹਾਈ ਪ੍ਰੋਫ਼ਾਈਲ ਨਾਂਅ ਸਾਹਮਣੇ ਆਏ ਹਨ, ਇਨ੍ਹਾਂ ਵਿੱਚ ਅਰਬਾਜ਼ ਖ਼ਾਨ ਦਾ ਨਾਂਅ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਅਰਬਾਜ਼ ਲਗਾਤਾਰ ਸੋਨੂੰ ਦੇ ਸੰਪਰਕ ਵਿੱਚ ਸੀ। ਪੁਲਿਸ ਨੇ ਜਦ ਸੋਨੂੰ ਦੇ ਹਿਸਾਬ-ਕਿਤਾਬ ਖੰਘਾਲੇ ਤਾਂ ਪਤਾ ਲੱਗਾ ਕਿ ਅਰਬਾਜ਼ ਖ਼ੁਦ ਸੋਨੂੰ ਕੋਲ ਪੈਸੇ ਲਾਉਂਦਾ ਸੀ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸੱਟਾ ਖੇਡਣਾ ਗ਼ੈਰ ਕਾਨੂੰਨੀ ਹੈ। ਇਹੋ ਕਾਰਨ ਹੈ ਕਿ ਇਸ ਮਾਮਲੇ ਵਿੱਚ ਅਰਬਾਜ਼ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਸ ਤੋਂ ਪਹਿਲਾਂ ਸਾਲ 2013 ਵਿੱਚ ਸੱਟਾ ਲਾਉਣ ਦੇ ਇਲਜ਼ਾਮ ਹੇਠ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਵਿੰਦੂ ਦਾਰਾ ਸਿੰਘ ਤੇ ਚੇਨੰਈ ਸੁਪਰ ਕਿੰਗਜ਼ ਦੇ ਮਾਲਕ ਗੁਰੂਨਾਥ ਮਇਅੱਪਨ ਨੂੰ ਗ੍ਰਿਫ਼ਤਾਰ ਕੀਤਾ ਸੀ।