ਚੰਡੀਗੜ੍ਹ: ਕਠੂਆ ‘ਚ 8 ਸਾਲ ਦੀ ਬੱਚੀ ਆਸਿਫਾ ਨਾਲ ਹੋਏ ਗੈਂਗਰੇਪ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਆਮ ਤੇ ਖਾਸ ਵਿਅਕਤੀ ਇਸ ਘਟਨਾ ਤੋਂ ਦੁਖੀ ਤੇ ਗੁੱਸੇ ‘ਚ ਹੈ। ਜਿੱਥੇ ਬਾਲੀਵੁੱਡ ਸਿਤਾਰੇ ਵਧ-ਚੜ੍ਹ ਕੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨਾਂ ‘ਚ ਸ਼ਾਮਲ ਹੋ ਰਹੇ ਹਨ, ਉੱਥੇ ਹੀ ਪਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ। ਇਸੇ ਲਿਸਟ ‘ਚ ਬੱਬੂ ਮਾਨ ਦਾ ਨਾਂ ਵੀ ਜੁੜ ਗਿਆ ਹੈ।
ਬੱਬੂ ਮਾਨ ਨੇ ਆਪਣੇ ਫੇਸਬੁੱਕ ‘ਤੇ ਆਸਿਫਾ ਦੀ ਤਸਵੀਰ ਸਾਂਝੀ ਕਰਦਿਆਂ ਭਾਵੁਕ ਕਰ ਦੇਣ ਵਾਲਾ ਸੁਨੇਹਾ ਲਿਖਿਆ ਹੈ। ਬੱਬੂ ਮਾਨ ਨੇ ਲਿਖਿਆ, ‘ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ, ਅਸਮਾਨਾਂ ਨੂੰ ਛੂੰਹਦੇ ਝੰਡੇ ਲਹਿਰਾਏ ਜਾਂਦੇ ਹਨ। ਧਰਮ ਤਾਂ ਕਹਿੰਦਾ ਹਰ ਬੰਦੇ ਦੇ ਅੰਦਰ ਰੱਬ ਵੱਸਦਾ ਹੈ, ਕਿਉਂ ਧਰਮਾਂ ਜਾਤਾਂ ਦੇ ਨਾਂ ‘ਤੇ ਸਾਨੂੰ ਲੜਾਇਆ ਜਾਂਦਾ ਹੈ। ਇਹ ਦੇਸ਼ ਦੇ ਹੁਕਮਰਾਨੋ ਤੁਹਾਡੀ ਜ਼ੁਬਾਨ ‘ਤੇ ਜ਼ਿਕਰ ਨਹੀਂ, ਨੰਨ੍ਹੇ ਮੁੰਨੇ ਬੱਚਿਆਂ ਦਾ ਤੁਹਾਨੂੰ ਕੋਈ ਫਿਕਰ ਨਹੀਂ। ਨੰਨ੍ਹੀਂ ਬੱਚੀ ਦੇ ਹੱਕ ਵਿੱਚ ਰਲ ਕੇ ਆਵਾਜ਼ ਉਠਾਵਾਂਗੇ, ਦੋਸ਼ੀਆਂ ਨੂੰ ਹਰ ਹਾਲਤ ‘ਚ ਸੂਲੀ ‘ਤੇ ਲਟਕਾਵਾਂਗੇ।’