ਨਵੀਂ ਦਿੱਲੀ: ਮਸ਼ਹੂਰ ਰਿਐਲਿਟੀ ਸ਼ੋਅ "ਬਿਗ ਬੌਸ" ਦੀ ਪਛਾਣ ਹਮੇਸ਼ਾ ਹੀ ਵਿਵਾਦਾਂ ਦੇ ਕਰ ਕੇ ਹੁੰਦੀ ਰਹੀ ਹੈ। ਸੀਜ਼ਨ 11 ਵਿੱਚ ਘਰ ਦੇ ਅੰਦਰ ਹੁਣ ਤੱਕ ਕੰਟੈਸਟੈਂਟ ਦੇ ਵਿਚਾਲੇ ਜੰਮ ਕੇ ਝਗੜਾ ਵੇਖਣ ਨੂੰ ਮਿਲ ਰਿਹਾ ਹੈ। ਸ਼ੋਅ ਦੀ ਸ਼ੁਰੂਆਤ ਦੇ 5 ਦਿਨਾਂ ਬਾਅਦ ਹੀ ਘਰ ਦੇ ਬਾਹਰ ਵੀ ਕੰਟੈਸਟੈਂਟ ਨੂੰ ਲੈ ਕੇ ਵਿਵਾਦ ਸਾਹਮਣੇ ਆਉਣ ਲੱਗੇ ਹਨ।


ਅੰਗਰੇਜ਼ੀ ਅਖਬਾਰ ਮਿਡ-ਡੇ ਦੀ ਰਿਪੋਰਟ ਦੇ ਮੁਤਾਬਕ ਖ਼ੁਦ ਨੂੰ ਦਾਊਦ ਇਬਰਾਹੀਮ ਦੀ ਭੈਣ ਹਸੀਨਾ ਪਾਰਕਰ ਦਾ ਜਵਾਈ ਦੱਸਣ ਵਾਲੇ ਜ਼ੁਬੈਰ ਖ਼ਾਨ ਝੂਠੀ ਪਛਾਣ ਦਾ ਸਹਾਰਾ ਲੈ ਰਿਹਾ ਹੈ। ਰਿਪੋਰਟ ਵਿਚ ਉਸ ਦੇ ਹਾਲ ਹੀ ਵਿੱਚ ਸ਼ਰਧਾ ਕਪੂਰ ਦੀ ਫਿਲਮ "ਹਸੀਨਾ ਪਾਰਕਰ" ਦਾ ਨਿਰਮਾਤਾ ਹੋਣ ਦੀ ਗੱਲ ਨੂੰ ਵੀ ਝੂਠਾ ਦੱਸਿਆ ਗਿਆ ਹੈ।

ਰਿਪੋਰਟ ਵਿੱਚ ਜ਼ੁਬੈਰ ਨੇ ਇਨ੍ਹਾਂ ਦਾਅਵਿਆਂ ਨੂੰ ਫ਼ਿਲਮ ਦੇ ਅਸਲੀ ਸਹਿ-ਨਿਰਮਾਤਾ ਸਮੀਰ ਅੰਤੁਲੇ ਨੇ ਬਕਵਾਸ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਸਮੀਰ ਖ਼ੁਦ ਦਾਊਦ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸਮੀਰ ਨੇ ਕਿਹਾ ਕਿ ਜ਼ੁਬੈਰ ਇੱਕ ਝੂਠਾ ਇਨਸਾਨ ਹੈ, ਉਸ ਦਾ ਦਾਊਦ ਦੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਹੈ।



ਸਮੀਰ ਨੇ ਜ਼ੁਬੈਰ ਦੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਕਿਹਾ ਹੈ ਕਿ ਹਸੀਨਾ ਦੀ ਬੇਟੀ ਕੁਦਸਿਆ ਦਾ ਪਤੀ ਕਾਰੋਬਾਰੀ ਜ਼ਹੀਰ ਸ਼ੇਖ ਹੈ। ਹਸੀਨਾ ਦੀਆਂ ਦੋਵੇਂ ਬੇਟੀਆਂ ਚੋਂ ਕੋਈ ਵੀ ਜ਼ੁਬੈਰ ਨੂੰ ਨਹੀਂ ਜਾਣਦੀ। ਇਹ ਸਿਰਫ ਅਫਵਾਹ ਹੈ ਕਿ ਉਹ ਹਸੀਨਾ ਦਾ ਜਵਾਈ ਹੈ।

ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ 2014 ਵਿੱਚ ਜ਼ੁਬੈਰ ਹਸੀਨਾ ਦੇ ਕੋਲ ਉਸ ਦੀ ਬਾਇਓਗ੍ਰਾਫੀ ਬਣਾਉਣ ਦੀ ਇਜਾਜ਼ਤ ਲੈਣ ਗਿਆ ਸੀ, ਜਿਸ ਨੂੰ ਹਸੀਨਾਂ ਨੇ ਮਨ੍ਹਾਂ ਕਰ ਦਿੱਤਾ ਸੀ। ਸਮੀਰ ਨੇ ਇਹ ਵੀ ਕਿਹਾ ਹੈ ਕਿ ਉਹ ਦਾਊਦ ਦੇ ਨਾਂਅ ਦੀ ਵਰਤੋਂ ਸਿਰਫ ਸ਼ੁਹਰਤ ਪਾਉਣ ਲਈ ਕਰ ਰਿਹਾ ਹੈ। ਅਸੀਂ ਪੁਲਿਸ ਦੇ ਕੋਲ ਉਸ ਵਿਰੁੱਧ ਸ਼ਿਕਾਇਤ ਦਰਜ ਵੀ ਕਰਵਾਉਣ ਵਾਲੇ ਹਾਂ।

ਦੱਸ ਦੇਈਏ ਕਿ ਸ਼ੋਅ ਦੀ ਸ਼ੁਰੂਆਤ ਤੋਂ ਹੀ ਜ਼ੁਬੈਰ ਖ਼ਾਨ ਨੂੰ ਹਸੀਨਾ ਪਾਰਕਰ ਦਾ ਦਾਮਾਦ ਦੱਸਿਆ ਜਾ ਰਿਹਾ ਹੈ। ਜ਼ੁਬੈਰ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਬੱਚਿਆਂ ਤੋਂ ਦੂਰ ਕਰ ਦਿੱਤਾ ਹੈ ਅਤੇ ਉਹ ਸ਼ੋਅ ਵਿੱਚ ਆਪਣੀਆਂ ਬੱਚਿਆਂ ਲਈ ਹੀ ਆਇਆ ਹੈ।