ਨਵੀਂ ਦਿੱਲੀ-ਫਿਲਮ ‘ਪਦਮਾਵਤ’ ਬਾਅਦ ਹੁਣ ਫ਼ਿਲਮ ‘ਮਨੀਕਰਨਿਕਾ: ਦਿ ਕੁਈਨ ਆਫ਼ ਝਾਂਸੀ’ ਹੋਣ ਲੱਗਾ ਹੈ। ‘ਪਦਮਾਵਤ’ ਦਾ ਵਿਰੋਧ ਕਰਨ ਵਾਲੀ ਕਰਣੀ ਸੈਨਾ ਮਗਰੋਂ ਹੁਣ ਇਕ ਹੋਰ ਸੱਜੇ ਪੱਖੀ ਜਥੇਬੰਦੀ ਸਰਵ ਬ੍ਰਾਹਮਣ ਮਹਾਸਭਾ ਨੇ ਕੰਗਨਾ ਰਣੌਤ ਦੀ ਅਦਾਕਾਰੀ ਵਾਲੀ ਫ਼ਿਲਮ ‘ਮਨੀਕਰਨਿਕਾ: ਦਿ ਕੁਈਨ ਆਫ਼ ਝਾਂਸੀ’ ਦਾ ਵਿਰੋਧ ਕੀਤਾ ਹੈ।
ਮਹਾਸਭਾ ਨੇ ਰਾਜ ਸਰਕਾਰ ਤੋਂ ਫ਼ੌਰੀ ਫ਼ਿਲਮ ਦੀ ਸ਼ੂਟਿੰਗ ’ਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੀਰੀਅਡ ਡਰਾਮਾ ਅਧਾਰਿਤ ਇਸ ਫ਼ਿਲਮ ਵਿੱਚ ਕਥਿਤ ਗੀਤ ਫ਼ਿਲਮਾਇਆ ਜਾ ਰਿਹੈ, ਜਿਸ ਵਿੱਚ ਰਾਣੀ ਲਕਸ਼ਮੀਬਾਈ ਨੂੰ ਈਸਟ ਇੰਡੀਆ ਕੰਪਨੀ ਦੇ ਇਕ ਬਰਤਾਨਵੀ ਏਜੰਟ ਨਾਲ ਰੋਮਾਂਸ ਕਰਦਿਆਂ ਵਿਖਾਇਆ ਗਿਆ ਹੈ। ਹਾਲਾਂਕਿ ਫ਼ਿਲਮ ਦੇ ਨਿਰਮਾਤਾ ਕਮਲ ਜੈਨ ਨੇ ਅਜਿਹੇ ਕਿਸੇ ਗੀਤ ਤੋਂ ਇਨਕਾਰ ਕੀਤਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰੇਸ਼ ਮਿਸ਼ਰਾ ਨੇ ਕਿਹਾ, ‘ਸਾਨੂੰ ਪਤਾ ਲੱਗਾ ਹੈ ਕਿ ਫ਼ਿਲਮਸਾਜ਼ ਵੱਲੋਂ ਰਾਣੀ ਲਕਸ਼ੀਬਾਈ ’ਤੇ ਇਕ ਗੀਤ ਫ਼ਿਲਮਾਇਆ ਜਾ ਰਿਹੈ ਜਿਸ ਵਿੱਚ ਉਹ ਈਸਟ ਇੰਡੀਆ ਕੰਪਨੀ ਦੇ ਬਰਤਾਨਵੀ ਏਜੰਟ ਨਾਲ ਰੋਮਾਂਸ ਕਰਦੀ ਨਜ਼ਰ ਆਏਗੀ। ਸਾਨੂੰ ਖ਼ਦਸ਼ਾ ਹੈ ਕਿ ਫ਼ਿਲਮ ਦੀ ਕਹਾਣੀ ਜੈਸ਼੍ਰੀ ਮਿਸ਼ਰਾ ਵੱਲੋਂ ਲਿਖੀ ਵਿਵਾਦਿਤ ਕਿਤਾਬ ‘ਰਾਣੀ’ ’ਤੇ ਅਧਾਰਿਤ ਹੈ।’
ਮਿਸ਼ਰਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਫ਼ਿਲਮ ਵਿੱਚ ਇਤਿਹਾਸਕ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਨ ਦੇ ਯਤਨਾਂ ਨੂੰ ਰੋਕਣ ’ਚ ਨਾਕਾਮ ਰਿਹਾ ਤਾਂ ਉਹ ਆਪਣੇ ਰੋਸ ਪ੍ਰਦਰਸ਼ਨਾਂ ਨੂੰ ਹੋਰ ਤਿੱਖਾ ਕਰਨਗੇ।