ਸਾਲ 2017 ਵੈਸੇ ਤਾਂ ਬਾਲੀਵੁੱਡ ਲਈ ਬਹੁਤਾ ਵਧੀਆ ਨਹੀਂ ਰਿਹਾ। ਇਸ ਸਾਲ ਬਾਲੀਵੁੱਡ ਦੀਆਂ 4 ਦਰਜਨ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਲਾਪ ਰਹੀਆਂ ਪਰ ਇਸ ਸਾਲ ਕੁੱਲ 10 ਫ਼ਿਲਮਾਂ ਅਜਿਹੀਆਂ ਰਹੀਆਂ ਜਿਨ੍ਹਾਂ ਨੇ ਭਾਰਤ ਵਿੱਚ ਆਪਣੀ ਕਮਾਈ ਨਾਲ 100 ਕਰੋੜ ਕਲੱਬ ਵਿੱਚ ਆਪਣੀ ਥਾਂ ਬਣਾ ਲਈ।
1- 'ਬਾਹੂਬਲੀ: ਦ ਕਨਕਲੂਜ਼ਨ' ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫ਼ਿਲਮ ਨੇ ਦੇਸ਼ ਵਿੱਚ ਹੀ ਕੁੱਲ 511 ਕਰੋੜ ਦੀ ਕਮਾਈ ਕਰ ਲਈ। ਰਾਜਾਮੌਲੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਪ੍ਰਭਾਸ, ਰਾਣਾ ਦੱਗੂਬਾਤੀ, ਤਮੰਨਾ ਭਾਟੀਆ, ਅਨੁਸ਼ਕਾ ਸ਼ੈੱਟੀ ਤੇ ਰਾਮਿਆ ਕ੍ਰਿਸ਼ਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ।
2- 'ਟਾਈਗਰ ਜ਼ਿੰਦਾ ਹੈ'- ਬਾਹੂਬਲੀ ਤੋਂ ਬਾਅਦ ਬਾਲੀਵੁੱਡ ਦੇ ਦਬੰਗ ਖ਼ਾਨ ਦਾ ਜਾਦੂ ਖ਼ੂਬ ਚੱਲਿਆ। ਸਾਲ ਦੇ ਅੰਤਮ ਦਿਨ ਫ਼ਿਲਮ ਨੇ ਤਕਰੀਬਨ 216 ਕਰੋੜ ਦੀ ਕਮਾਈ ਕਰ ਲਈ ਸੀ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ਵਿੱਚ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਆਈ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
3- ਗੋਲਮਾਲ ਲੜੀ ਦੀ ਚੌਥੀ ਫ਼ਿਲਮ 'ਗੋਲਮਾਲ ਅਗੇਨ' ਇਸ ਸਾਲ ਦੀ ਤੀਜੀ ਸਭ ਤੋਂ ਵੱਡੀ ਫ਼ਿਲਮ ਰਹੀ, ਜਿਸ ਨੇ ਟਿਕਟ ਖਿੜਕੀ 'ਤੇ 205 ਕਰੋੜ ਰੁਪਏ ਦੀ ਕਮਾਈ ਕਰ ਲਈ। ਰੋਹਿਤ ਸ਼ੈਟੀ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿੱਚ ਅਜੈ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਪਰਿਣਿਤੀ ਚੋਪੜਾ, ਸ਼੍ਰੇਅਸ ਤਲਪੜੇ ਤੇ ਤੱਬੂ ਵਰਗੇ ਕਈ ਵੱਡੇ ਕਲਾਕਾਰ ਸ਼ਾਮਲ ਸਨ।
4-ਸਲਮਾਨ ਖ਼ਾਨ ਦੀ ਫ਼ਿਲਮ 'ਜੁੜਵਾ' ਨੂੰ ਵਰੁਣ ਧਵਨ ਦੀ ਅਦਾਕਾਰੀ ਹੇਠ ਮੁੜ ਬਣਾਈ 'ਜੁੜਵਾ-2' ਨੇ ਬਾਕਸ ਆਫਿਸ 'ਤੇ 138 ਕਰੋੜ ਰੁਪਏ ਦੀ ਕਮਾਈ ਕੀਤੀ। ਡੇਵਿਡ ਧਵਨ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਤਾਪਸੀ ਪੰਨੂੰ ਤੇ ਜੈਕਲਿਨ ਫਰਨਾਂਡਿਸ ਨੇ ਵੀ ਮੁੱਖ ਕਿਰਦਾਰ ਨਿਭਾਏ ਸਨ।
5-ਕਿੰਗ ਖ਼ਾਨ ਦੀ 'ਰਈਸ' ਨੇ ਕਮਾਈ ਦੇ ਮਾਮਲੇ ਵਿੱਚ ਆਪਣੇ ਨਾਂਅ ਨੂੰ ਝੂਠਾ ਨਹੀਂ ਪੈਣ ਦਿੱਤਾ। ਟਿਕਟ ਖਿੜਕੀ 'ਤੇ ਫ਼ਿਲਮ ਨੇ 137 ਕਰੋੜ ਰੁਪਏ ਬਟੋਰੇ। ਨਿਰਦੇਸ਼ਕ ਰਾਹੁਲ ਠੋਲਕਿਆ ਨੇ ਆਪਣੀ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ, ਨਵਾਜ਼ੁਦੀਨ ਸਿੱਦਕੀ ਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਦੇ ਅਦਾਕਾਰੀ ਦੇ ਜੌਹਰ ਨੂੰ ਪਰਦੇ ਉੱਪਰ ਬਾਖ਼ੂਬੀ ਦਿਖਾਇਆ ਹੈ।
6-ਸਮਾਜ ਸੁਧਾਰਕ ਵਿਸ਼ੇ 'ਤੇ ਬਣੀ ਫ਼ਿਲਮ 'ਟੌਇਲਟ-ਏਕ ਪ੍ਰੇਮ ਕਥਾ' ਨੇ ਜਿੱਥੇ ਆਮ ਲੋਕਾਂ ਦੇ ਨਾਲ-ਨਾਲ ਬਿਲ ਗੇਟਸ ਵਰਗੇ ਵੱਡੇ ਕਾਰੋਬਾਰੀ ਨੂੰ ਪ੍ਰਭਾਵਿਤ ਕੀਤਾ ਉੱਥੇ ਟਿਕਟ ਖਿੜਕੀ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਫ਼ਿਲਮ ਨੇ ਕੁੱਲ 134 ਕਰੋੜ ਰੁਪਏ ਕਮਾਏ। ਸ਼੍ਰੀ ਨਾਰਾਇਣ ਸਿੰਘ ਦੀ ਨਿਰਦੇਸ਼ਨਾ ਅਧੀਨ ਬਣੀ ਫ਼ਿਲਮ ਵਿੱਚ ਅਕਸ਼ੈ ਕੁਮਾਰ ਤੇ ਭੂਮੀ ਪੇਡਨੇਕਰ ਨੇ ਪ੍ਰਮੁੱਖ ਕਿਰਦਾਰ ਨਿਭਾਏ।
7-ਰਿਤਿਕ ਰੌਸ਼ਨ ਤੇ ਯਾਮੀ ਗੌਤਮ ਦੇ ਵੱਖਰੇ ਕਿਰਦਾਰਾਂ ਵਾਲੀ ਫ਼ਿਲਮ 'ਕਾਬਿਲ' ਬੇਸ਼ੱਕ 126 ਕਰੋੜ ਦੀ ਕਮਾਈ ਕੀਤੀ। ਸੰਜੇ ਗੁਪਤਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਵਿੱਚ ਰੌਨਿਤ ਰਾਏ ਤੇ ਰੋਹਿਤ ਰਾਏ ਵਰਗੇ ਵੱਡੇ ਅਦਾਕਾਰ ਸਨ।
8-ਇਸ ਸਾਲ ਸਲਮਾਨ ਖ਼ਾਨ ਦੀ ਦੂਜੀ ਫ਼ਿਲਮ 100 ਕਰੋੜੀ ਕਲੱਬ ਵਿੱਚ ਸ਼ਾਮਲ ਹੋ ਗਈ। ਬੇਸ਼ੱਕ 'ਟਿਊਬਲਾਈਟ' ਨੇ 121 ਕਰੋੜ ਦੀ ਕਮਾਈ ਕੀਤੀ ਪਰ ਫਿਰ ਵੀ ਨਿਰਮਾਤਾ ਨੂੰ ਘਾਟਾ ਦੇ ਕੇ ਗਈ। ਨਿਰਦੇਸ਼ਕ ਕਬੀਰ ਖ਼ਾਨ ਦੀ ਫ਼ਿਲਮ ਵਿੱਚ ਸੋਹੇਲ ਖ਼ਾਨ ਨੇ ਵੀ ਅਦਾਕਾਰੀ ਕੀਤੀ। ਇਸ ਦਾ ਕੁੱਲ ਬਜਟ 135 ਕਰੋੜ ਰੁਪਏ ਸੀ।
9-ਅਕਸ਼ੈ ਕੁਮਾਰ ਦੀ 100 ਕਰੋੜੀ ਕਲੱਬ ਵਿੱਚ ਇਹ ਦੂਜੀ ਫ਼ਿਲਮ ਸ਼ਾਮਲ ਹੋਈ। ਸੁਭਾਸ਼ ਕਪੂਰ ਦੇ ਨਿਰਦੇਸ਼ਨ ਵਿੱਚ ਬਣੀ 'ਜੌਲੀ ਐਲ.ਐਲ.ਬੀ.-2' 'ਚ ਹੁਮਾ ਕੁਰੈਸ਼ੀ, ਅੰਨੂੰ ਕਪੂਰ ਤੇ ਸੌਰਭ ਸ਼ੁਕਲਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਫ਼ਿਲਮ ਨੇ ਟਿਕਟ ਖਿੜਕੀ 'ਤੇ 117 ਕਰੋੜ ਦੀ ਕਮਾਈ ਕੀਤੀ।
10-ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਅਧੀਨ ਬਣੀ ਫ਼ਿਲਮ 'ਬਦਰੀਨਾਥ ਕੀ ਦੁਲਹਨੀਆ' ਵਿੱਚ ਆਲੀਆ ਭੱਟ ਤੇ ਵਰੁਣ ਧਵਨ ਦੀ ਹਿੱਟ ਜੋੜੀ ਨਜ਼ਰ ਆਈ। ਇਸ ਫ਼ਿਲਮ ਨੇ 116 ਕਰੋੜ ਦੀ ਕਮਾਈ ਕੀਤੀ।