ਬਾਲੀਵੁੱਡ ਨਾਈਟ 'ਉਮੰਗ' ਵਿੱਚ ਮੁੰਬਈ ਪੁਲਿਸ ਤੇ ਫ਼ਿਲਮੀ ਸਿਤਾਰਿਆਂ ਨੇ ਖੂਬ ਮਸਤੀ ਕੀਤੀ। ਇਹ ਉਹ ਮੌਕਾ ਹੈ ਜਦੋਂ ਮੁੰਬਈ ਪੁਲਿਸ ਕੁਝ ਸਮੇਂ ਲਈ ਇਨ੍ਹਾਂ ਫ਼ਿਲਮੀ ਸਿਤਾਰਿਆਂ ਨਾਲ ਆਪਣੇ ਪਰਿਵਾਰ ਸਮੇਤ ਸਮਾਂ ਬਤੀਤ ਕਰਦੀ ਹੈ।

ਇਹ ਰੰਗੀਨ ਸ਼ਾਮ ਮੌਕੇ ਆਲੀਆ ਭੱਟ, ਅਕਸ਼ੈ ਕੁਮਾਰ, ਸ਼੍ਰੀਦੇਵੀ, ਰਿਤਿਕ ਰੌਸ਼ਨ, ਅਨਿਲ ਕਪੂਰ, ਅਰਜੁਨ ਕਪੂਰ, ਰਣਬੀਰ ਕਪੂਰ, ਕੈਟਰੀਨਾ ਕੈਫ ਨੇ ਆਪਣੇ ਆਪਣੇ ਗਾਣੇ ਨਾਲ ਸਟੇਜ 'ਤੇ ਐਂਟਰੀ ਕੀਤੀ। ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਦਿਲੋਂ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ। ਅਮਿਤਾਬ ਬੱਚਨ ਨੇ ਮੁੰਬਈ ਪੁਲਿਸ ਨੂੰ 11 ਲੱਖ ਰੁਪਏ ਦਾ ਡੋਨੇਸ਼ਨ ਵੀ ਦਿੱਤਾ।

ਇੱਕ ਪਾਸੇ, ਅਲੀਆ ਭੱਟ ਨੇ ਮੁੰਬਈ ਪੁਲਿਸ ਲਈ ਗਾਣਾ ਗਾਇਆ ਤੇ ਦੂਜੇ ਪਾਸੇ, ਸੁਪਰਸਟਾਰ ਸ਼ਾਹਰੁਖ ਖਾਨ ਨੇ 'ਜ਼ਾਲਿਮ' ਗਾਣੇ ਨਾਲ ਐਂਟਰੀ ਕੀਤੀ। ਇਸ ਗਾਣੇ ਵਿੱਚ ਉਨ੍ਹਾਂ ਨਾਲ ਮਹਿਲਾ ਸਿਪਾਹੀ ਨੱਚਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੀ ਰਾਣੀ ਕੰਗਨਾ ਰਨੌਤ ਵੀ ਮੌਜੂਦ ਰਹੀ। ਦੀਪਿਕਾ ਪਾਦੁਕੋਣ ਨੇ ਮੁੰਬਈ ਪੁਲਿਸ ਨੂੰ ਮੁਸੀਬਤਾਂ ਦੌਰਾਨ ਮਦਦ ਦੇਣ ਲਈ ਧੰਨਵਾਦ ਕੀਤਾ। ਕਰਣੀ ਸੈਨਾ ਵੱਲੋਂ ਫਿਲਮ 'Padmavat' ਕਰਕੇ ਦੀਪਿਕਾ ਨੂੰ ਮਿਲੀ ਧਮਕੀ ਦੌਰਾਨ ਮੁੰਬਈ ਪੁਲਿਸ ਨੇ ਉਨ੍ਹਾਂ ਦੀ ਰੱਖਿਆ ਕੀਤੀ ਸੀ।

ਕੁਝ ਵੱਖਰਾ ਕਰਦੇ ਹੋਏ ਆਮਿਰ ਖਾਨ ਨੇ ਗਾਇਕ ਮੁਕੇਸ਼ ਦਾ ਗਾਣਾ ਗਾਇਆ ਤੇ ਕਰਨ ਜੌਹਰ ਨਾਲ ਸਟੇਜ 'ਤੇ ਪਹੁੰਚੇ। ਅਦਾਕਾਰ ਰਣਵੀਰ ਸਿੰਘ ਗੋਵਿੰਦਾ ਦੇ ਗਾਣੇ 'ਤੇ ਨੱਚਦੇ ਨਜ਼ਰ ਆਏ। ਉੱਥੇ ਹੀ ਰਿਤਿਕ ਧਨੰਜੇ ਜਤਿੰਦਰ ਦੇ ਗਾਣੇ 'ਤੇ ਨੱਚੇ। ਅਨੁਸ਼ਕਾ ਸ਼ਰਮਾ, ਵਿਆਹ ਤੋਂ ਬਾਅਦ ਪਹਿਲੀ ਵਾਰ ਜਨਤਾ ਵਿੱਚ ਆਏ ਤੇ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ।