ਨਵੀਂ ਦਿੱਲੀ: ਫਿਲਮ 'ਪਦਮਾਵਤੀ' ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸੁਪਰੀਮ ਕੋਰਟ ਤੱਕ ਜਾ ਪੁੱਜਿਆ ਹੈ। ਇੱਥੇ ਇੱਕ ਵਕੀਲ ਨੇ ਇਸ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਦੀ ਮੰਗ ਹੈ ਕਿ ਫਿਲਮ ਤੋਂ ਵਿਵਾਦਤ ਸੀਨ ਨੂੰ ਹਟਾਇਆ ਜਾਵੇ ਜਿਸ ਕਾਰਨ ਹੰਗਾਮਾ ਹੋ ਰਿਹਾ ਹੈ। ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਇਸ ਪਟੀਸ਼ਨ 'ਤੇ ਸੁਣਵਾਈ ਲਈ ਮੰਨ ਗਿਆ ਹੈ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਬਣੀ ਦਸਤਾਵੇਜ਼ੀ 'ਐਨ ਇਨਸਿਗਨੀਫਿਕੈਂਟ ਮੈਨ' 'ਤੇ ਆਪਣਾ ਨਜ਼ਰੀਆ ਸਾਫ ਕੀਤਾ ਸੀ। ਕੋਰਟ ਨੇ ਕਿਹਾ ਕਿ ਫਿਲਮ ਬਣਾਉਣ ਵਾਲਿਆਂ ਦੀ ਸੋਚ 'ਤੇ ਰੋਕ ਨਹੀਂ ਲਾਈ ਜਾਣੀ ਚਾਹੀਦੀ। ਕੋਰਟ ਨੇ ਬਾਕੀ ਅਦਾਲਤਾਂ ਨੂੰ ਸਲਾਹ ਦਿੱਤੀ ਕਿ ਉਹ ਕਲਾਕਾਰਾਂ ਦੀ ਆਜ਼ਾਦੀ ਦਾ ਖਿਆਲ ਰੱਖਣ। ਫਿਲਮਾਂ ਨੂੰ ਲੈ ਕੇ ਕੋਰਟ ਨੇ ਇਹ ਨਜ਼ਰੀਆ ਫਿਲਮ ਬਣਾਉਣ ਵਾਲਿਆਂ ਤੇ 'ਪਦਮਾਵਤੀ' ਲਈ ਖਾਸ ਮੰਨਿਆ ਜਾ ਰਿਹਾ ਹੈ। ਦਰਅਸਲ, ਕੋਰਟ ਨੇ ਕੇਜਰੀਵਾਲ ਦੀ ਜ਼ਿੰਦਗੀ 'ਤੇ ਬਣੀ ਦਸਤਾਵੇਜ਼ੀ ਫਿਲਮ ਨੂੰ ਵਿਖਾਉਣ 'ਤੇ ਰੋਕ ਲਾਉਣ ਲਈ ਦਰਜ ਕੀਤੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿਇਕ ਕਲਾਕਾਰ ਆਪਣੇ ਨਜ਼ਰੀਏ ਦਾ ਇਸਤੇਮਾਲ ਉੱਥੇ ਤੱਕ ਕਰ ਸਕਦਾ ਹੈ ਜਿੱਥੇ ਤੱਕ ਉਸ ਨੂੰ ਕਾਨੂੰਨ ਇਜ਼ਾਜਤ ਦਿੰਦਾ ਹੋਵੇ। ਵਿਚਾਰਾਂ ਵਾਲੀਆਂ ਫਿਲਮ ਜ਼ਰੂਰੀ ਨਹੀਂ ਕਿ ਕਿਸੇ ਦੇ ਨੈਤਿਕ ਦਾਇਰੇ 'ਚ ਫਿੱਟ ਹੁੰਦੀ ਹੋਵੇ। ਸੁਪਰੀਮ ਕੋਰਟ ਨੇ ਕਿਹਾ ਕਿ ਕੀ ਫਿਲਮ ਬਣਾਉਣ ਵਾਲਿਆਂ ਨੂੰ ਪਹਿਲਾਂ ਕਰੈਕਟਰਾਂ ਦੇ ਪਰਿਵਾਰਾਂ ਤੋਂ ਇਜਾਜ਼ਤ ਲੈਣੀ ਹੋਵੇਗੀ?