ਨਵੀਂ ਦਿੱਲੀ: ਅੱਜ ਸੁਵਖਤੇ ਹੀ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੇ ਪਿਤਾ ਤੇ ਫ਼ਿਲਮਕਾਰ ਰਾਮ ਮੁਖਰਜੀ ਦਾ ਦੇਹਾਂਤ ਹੋ ਗਿਆ। ਰਾਮ ਮੁਖਰਜੀ ਹਿੰਦੀ ਤੇ ਬੰਗਾਲੀ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਤੇ ਨਿਰਮਾਤਾ ਸਨ।


ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਸਵੇਰੇ ਤਕਰੀਬਨ 4 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਹਸਪਤਾਲ ਤੋਂ ਉਨ੍ਹਾਂ ਦੀ ਦੇਹ ਨੂੰ ਜੁਹੂ ਵਿੱਚ ਬਣੇ ਹੋਏ ਘਰ ਲਿਆਂਦਾ ਗਿਆ ਤੇ ਅੱਜ ਦੁਪਹਿਰ ਉਨ੍ਹਾਂ ਦਾ ਦਾਹ ਸਸਕਾਰ ਕਰ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਮੁਤਾਬਕ 84 ਸਾਲਾ ਰਾਮ ਮੁਖਰਜੀ ਦਾ ਖ਼ੂਨ ਦਾ ਦਬਾਅ ਅਚਾਨਕ ਘਟ ਗਿਆ ਸੀ। ਫ਼ਿਲਮਮਾਲਿਆ ਸਟੂਡੀਓਜ਼ ਦੇ ਸੰਸਥਾਪਕਾਂ ਵਿੱਚੋਂ ਇੱਕ, ਰਾਮ ਮੁਖਰਜੀ ਹਮ ਹਿੰਦੋਸਤਾਨੀ ਤੇ ਲੀਡਰ ਜਿਹੀਆਂ ਪ੍ਰਸਿੱਧ ਫ਼ਿਲਮਾਂ ਬਣਾਈਆਂ ਸਨ। ਆਪਣੀ ਧੀ ਰਾਣੀ ਮੁਖਰਜੀ ਦੀ ਪਹਿਲੀ ਫ਼ਿਲਮ ਰਾਜਾ ਕੀ ਆਏਗੀ ਬਾਰਾਤ ਵੀ ਉਨ੍ਹਾਂ ਹੀ ਬਣਾਈ ਸੀ।