ਚੇਨੱਈ: ਹੁਣੇ ਰਿਲੀਜ਼ ਹੋਈ ਮਸ਼ਹੂਰ ਹੀਰੋ ਵਿਜੇ ਦੀ ਤਮਿਲ ਫਿਲਮ 'ਮੇਰਸਲ' 'ਚ ਜੀਐਸਟੀ ਦਾ ਜ਼ਿਕਰ ਭਾਜਪਾ ਨੂੰ ਪਸੰਦ ਨਹੀਂ ਆਇਆ। ਇਸ ਨੂੰ ਗਲਤ ਦੱਸਦਿਆਂ ਫਿਲਮ 'ਚੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਕੇਂਦਰੀ ਮੰਤਰੀ ਪੋਨ ਰਾਧਾਕ੍ਰਿਸ਼ਨਨ ਨੇ 'ਮਾਲ ਤੇ ਸੇਵਾ ਕਰ' ਜੀਐਸਟੀ ਬਾਰੇ ਕਥਿਤ ਗਲਤ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਜਦਕਿ ਉਨ੍ਹਾਂ ਦੀ ਪਾਰਟੀ ਦੇ ਸਾਥੀ ਐਚ ਰਾਜਾ ਨੇ ਦਾਅਵਾ ਕੀਤਾ ਕਿ ਫਿਲਮ ਨਾਲ ਵਿਜੇ ਦੀ ਮੋਦੀ ਵਿਰੋਧੀ ਨਫਰਤ ਸਾਹਮਣੇ ਆ ਗਈ ਹੈ।


ਮਾਕਪਾ ਤੇ ਸੁਪਰਸਟਾਰ ਰਜਨੀਕਾਂਤ ਵਾਲੀ 'ਕਬਾਲੀ' ਦੇ ਡਾਇਰੈਕਟਰ ਪੀਏ ਰੰਜੀਤ 'ਮਰਸੇਲ' ਫਿਲਮ ਨਾਲ ਜੁੜੇ ਕਲਾਕਾਰਾਂ ਦੇ ਹੱਕ 'ਚ ਸਾਹਮਣੇ ਆਏ ਤੇ ਫਿਲਮ ਦੇ ਸੀਨ ਹਟਾਉਣ ਦੀ ਮੰਗ ਕਰ ਰਹੀ ਭਾਜਪਾ 'ਤੇ ਸਵਾਲ ਚੁੱਕੇ। ਰਾਧਾਕ੍ਰਿਸ਼ਨ ਨੇ ਕਿਹਾ, "ਨਿਰਮਾਤਾ ਨੂੰ ਫਿਲਮ 'ਚ ਜੀਐਸਟੀ ਨਾਲ ਜੁੜੀਆਂ ਗੱਲਾਂ ਨੂੰ ਹਟਾ ਦੇਣਾ ਚਾਹੀਦਾ ਹੈ। ਫਿਲਮ ਜ਼ਰੀਏ ਗਲਤ ਗੱਲਾਂ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੀਦਾ।"

ਇਸ ਜ਼ਿਕਰ 'ਤੇ ਭਾਜਪਾ ਦੇ ਪ੍ਰਾਂਤ ਪ੍ਰਧਾਨ ਤਮਿਲਿਸਾਈ ਸੌਂਦਰਿਆਰਾਜਨ ਨੇ ਕੱਲ੍ਹ ਇਲਜ਼ਾਮ ਲਾਇਆ ਕਿ 'ਮੇਰਸਲ' 'ਚ ਜੀਐਸਟੀ ਬਾਰੇ ਗਲਤ ਜ਼ਿਕਰ ਕੀਤਾ ਗਿਆ ਹੈ। ਸੈਲੀਬ੍ਰਿਟੀ ਨੂੰ ਲੋਕਾਂ 'ਚ ਗਲਤ ਖਬਰਾਂ ਫੈਲਾਉਣ ਤੋਂ ਬਚਣਾ ਚਾਹੀਦਾ ਹੈ। ਪਾਰਟੀ ਦੇ ਕੌਮੀ ਸੈਕਟਰੀ ਐਚ ਰਾਜਾ ਨੇ ਕਈ ਟਵੀਟ ਕਰਕੇ ਇਲਜ਼ਾਮ ਲਾਏ ਕਿ ਜੀਐਸਟੀ ਦਾ ਜ਼ਿਕਰ ਵਿਜੇ ਦੇ ਅਰਥਸ਼ਾਸ਼ਤਰ ਦੇ ਗਿਆਨ ਦੀ ਘਾਟ ਨੂੰ ਦਰਸਾਉਂਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਗਲਤ ਹੈ ਕਿ ਸਿੰਗਾਪੁਰ 'ਚ ਇਲਾਜ ਮੁਫਤ ਹੈ। ਭਾਰਤ 'ਚ ਗਰੀਬਾਂ ਲਈ ਸਿੱਖਿਆ ਤੇ ਮੈਡੀਕਲ ਇਲਾਜ ਮੁਫਤ ਹੈ। 'ਮੇਰਸਲ' ਸਿਰਫ ਵਿਜੇ ਦੀ ਮੋਦੀ ਵਿਰੋਧੀ ਨਫਰਤ ਨੂੰ ਦਰਸਾਉਂਦੀ ਹੈ।