ਮੁੰਬਈ: ਬਾਕਸ ਆਫਿਸ 'ਤੇ ਫ਼ਿਲਮਾਂ ਦੀ ਤਕਰਾਰ ਅਕਸਰ ਹੁੰਦੀ ਹੈ। ਜਦੋਂ ਦੋ ਵੱਡੀਆਂ ਫ਼ਿਲਮਾਂ ਇਕੱਠੀਆਂ ਰਿਲੀਜ਼ ਹੋਣ ਤਾਂ ਇਹ ਟੱਕਰ ਹੋਰ ਜ਼ਬਰਦਸਤ ਹੋ ਜਾਂਦੀ ਹੈ। ਇਸ ਵਾਰ ਮੁਕਾਬਲਾ ਦਿਵਾਲੀ ਮੌਕੇ ਰਿਲੀਜ਼ ਹੋਈਆਂ ਫ਼ਿਲਮਾਂ 'ਚੋਂ ਇੱਕ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦੀ ਸੀਕ੍ਰੇਟ ਸੁਪਰਸਟਾਰ ਅਤੇ ਦੂਜੀ ਅਜੇ ਦੇਵਗਨ ਦੀ ਗੋਲਮਾਲ ਅਗੇਨ ਵਿਚਾਲੇ ਹੈ।


ਤੁਸੀਂ ਇਹ ਜਾਣਨਾ ਚਾਹੁੰਦੇ ਹੋਵੇਗੇ ਕਿ ਦੋਹਾਂ ਵਿਚੋਂ ਕਿਸ ਫ਼ਿਲਮ ਨੇ ਜ਼ਿਆਦਾ ਕਮਾਈ ਕੀਤੀ? ਤੁਹਾਨੂੰ ਇਹ ਜਾਣ ਕਿ ਹੈਰਾਨੀ ਹੋ ਸਕਦੀ ਹੈ ਕਿ ਫਿਲਹਾਲ ਅਜੇ ਦੀ ਫ਼ਿਲਮ ਗੋਲਮਾਲ ਅਗੇਨ ਅੱਗੇ ਜਾ ਰਹੀ ਹੈ। ਸੀਕ੍ਰੇਟ ਸੁਪਰਸਟਾਰ ਨੇ ਪਹਿਲੇ ਦਿਨ ਸਿਰਫ਼ 4 ਕਰੋੜ 80 ਲੱਖ ਰੁਪਏ ਹੀ ਕਮਾਏ ਹਨ। ਫ਼ਿਲਮਾਂ ਬਾਰੇ ਜਾਣਕਾਰੀ ਦੇਣ ਵਾਲੇ ਤਰੁਣ ਆਦਰਸ਼ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

ਜੇਕਰ ਗੋਲਮਾਲ ਅਗੇਨ ਦੀ ਗੱਲ ਕਰੀਏ ਤਾਂ ਪਹਿਲੇ ਹੀ ਦਿਨ ਫ਼ਿਲਮ ਦੇ ਸਾਰੇ ਸ਼ੋਅ ਹਾਊਸਫੁੱਲ ਰਹੇ ਸਨ। ਬਾਕਸ ਆਫਿਸ ਇੰਡੀਆ ਨੇ ਟਵੀਟ ਕਰ ਕੇ ਦੱਸਿਆ ਕਿ ਗੋਲਮਾਲ ਅਗੇਨ ਨੇ ਪਹਿਲੇ ਦਿਨ 32 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।

ਹੁਣ ਤੱਕ ਦੇ ਅੰਕੜਿਆਂ ਮੁਤਾਬਕ ਤਾਂ ਗੋਲਮਾਲ ਅਗੇਨ ਨੇ ਸੀਕ੍ਰੇਟ ਸੁਪਰਸਟਾਰ ਨੂੰ ਪਿੱਛੇ ਛੱਡ ਦਿੱਤਾ ਹੈ। ਆਉਂਦੇ ਦਿਨਾਂ ਵਿੱਚ ਵੇਖੋ ਇਨ੍ਹਾਂ ਦੋਵਾਂ ਫ਼ਿਲਮਾਂ ਦਾ ਮੁਕਾਬਲਾ ਕਿਵੇਂ ਰਹਿੰਦਾ ਹੈ, ਆਸ ਹੈ ਕਿ ਦਿਲਚਸਪ ਹੋਵੇਗਾ। ਇਸ ਦਾ ਕਾਰਨ ਹੈ ਕਿ ਅਜੇ ਦੇਵਗਨ ਦੀ ਗੋਲਮਾਲ ਲੜੀ ਦੀਆਂ ਤਕਰੀਬਨ ਸਾਰੀਆਂ ਫ਼ਿਲਮਾਂ ਨੂੰ ਹੀ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ, ਉੱਥੇ ਆਮਿਰ ਖ਼ਾਨ ਦੀਆਂ ਪਿਛਲੀਆਂ ਕਈ ਫ਼ਿਲਮਾਂ ਬਹੁਤ ਜ਼ਬਰਦਸਤ ਰਹੀਆਂ ਹਨ। 'ਦੰਗਲ' ਨੇ ਕਮਾਈ ਦੇ ਮਾਮਲੇ ਵਿੱਚ ਸਾਰੀਆਂ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।