ਚੰਡੀਗੜ੍ਹ: ਅੱਜਕੱਲ੍ਹ ਫ਼ਿਲਮਾਂ ਦਾ ਵਿਵਾਦਾਂ ਵਿੱਚ ਘਿਰਣਾ ਫੈਸ਼ਨ ਹੀ ਬਣ ਗਿਆ ਹੈ। ਉਂਜ ਤਾਂ ਪਾਲੀਵੁੱਡ ਇੰਡਸਟਰੀ ਮਨੋਰੰਜਨ ਤੇ ਇਮੋਸ਼ਨ ਨਾਲ਼ ਭਰੀ ਹੋਈ ਹੈ ਪਰ ਕਈ ਵਾਰ ਪੰਜਾਬੀ ਫ਼ਿਲ਼ਮਾਂ ਨੂੰ ਵੀ ਵਿਵਾਦਾਂ ‘ਚ ਘਿਰਣਾ ਪੈ ਜਾਂਦਾ ਹੈ। ਇਹ ਨੇ ਉਹ ਪੰਜ ਫ਼ਿਲਮਾਂ ਜਿਨ੍ਹਾਂ ਦੇ ਰਿਲੀਜ਼ ਹੋਣ ਤੋਂ ਬਾਅਦ ਜਾਂ ਪਹਿਲਾਂ ਉਨ੍ਹਾਂ ਨੂੰ ਵਿਵਾਦ ਝੱਲਣੇ ਪਏ।


 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫ਼ਿਲਮ ‘ਕੌਮ ਦੇ ਹੀਰੇ’ ਦੀ। ਇਹ ਫਿਲਮ ਸਤਵੰਤ ਸਿੰਘ ਤੇ ਕੇਹਰ ਸਿੰਘ ਦੀ ਜਿੰਦਗੀ ‘ਤੇ ਆਧਾਰਤ ਫ਼ਿਲਮ ਹੈ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਫ਼ਿਲਮ 2014 ਤੋਂ ਹੀ ਵਿਵਾਦਾਂ ‘ਚ ਰਹੀ।

ਗੱਲ ਕਰਦੇ ਹਾਂ ਇਸ ਲੜੀ ‘ਚ ਸ਼ਾਮਲ ਦੂਜੀ ਫ਼ਿਲਮ ‘ਦ ਬਲੈਕ ਪ੍ਰਿੰਸ’ ਦੀ, ਜਿਸ ‘ਚ ਲੀਡ ਰੋਲ ਕੀਤਾ ਸੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ। ਇਹ ਫ਼ਿਲਮ ਯੂਕੇ ‘ਚ ਬਹੁਤ ਵੱਡੀ ਹਿੱਟ ਫਿਲਮ ਰਹੀ, ਪਰ ਇੰਡੀਆ ‘ਚ ਫ਼ਿਲਮ ਰਿਲੀਜ਼ ਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਇਸ ਦੇ ਬੈਨ ਦਾ ਮੁੱਖ ਕਾਰਨ ਰਿਹਾ।

ਵਿਵਾਦਾਂ ਦੀ ਲੜੀ ‘ਚ ਤੀਜੀ ਫ਼ਿਲਮ ਸ਼ਾਮਲ ਹੈ ‘ਸਾਡਾ ਹੱਕ’, ਜੋ 1980 ਦੇ ਅੰਤ ਤੇ 1990 ਦੇ ਸੁਰੂਆਤੀ ਦੌਰ ‘ਤੇ ਬਣੀ ਸੀ। ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਕੁਝ ਪ੍ਰਤੀਕਿਰਿਆਵਾਂ ਸਾਹਮਣੇ ਆ ਗਈਆਂ। ਫ਼ਿਲਮ ਨੇ ਪੁਲਿਸ ਦੇ ਅੱਤਿਆਚਾਰ ਤੇ ਪੰਜਾਬ ਦੇ ਅੱਤਵਾਦ ਨੂੰ ਦਰਸਾਇਆ ਜਿਸ ਕਰਕੇ ਸਿੱਖਾਂ ਨੇ ਫ਼ਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ।

‘ਤੁਫਾਨ ਸਿੰਘ’ ਦੀ ਕਹਾਣੀ ਦਿਖਾਉਣ ਵਾਲੀ ਫ਼ਿਲਮ ਵੀ ਬੈਨ ਕੀਤੀ ਗਈ। ਇਸ ਫ਼ਿਲਮ ‘ਚ ਲੀਡ ਰੋਲ ਰਣਜੀਤ ਬਾਵਾ ਨੇ ਕੀਤਾ ਸੀ। ਫ਼ਿਲਮ ਦੀ ਕਹਾਣੀ 1980 ਦੇ ਸਮੇਂ ਦੇ ਪੰਜਾਬ ਦੇ ਇੱਕ ਮੁੰਡੇ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਨੂੰ ਬੈਨ ਕਰਨ ਦਾ ਕਾਰਨ ਕਿਹਾ ਗਿਆ ਕਿ ਇਹ ਅੱਤਵਾਦ ਨੂੰ ਵਧਾਵਾ ਦੇਣ ਵਾਲੀ ਫ਼ਿਲਮ ਹੈ।

ਹੁਣ ਗੱਲ ਕਰਦੇ ਹਾਂ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਨਾਨਕ ਸ਼ਾਹ ਫਕੀਰ’ ਦੀ ਜਿਸ ਨੂੰ ਸੁਪਰੀਮ ਕੋਰਟ ਨੇ ਹਰੀ ਝੰਡੀ ਤਾਂ ਦਿੱਤੀ ਪਰ ਫ਼ਿਲਮ ਰਿਲੀਜ਼ ਹੋਈ ਤੇ ਨਾ ਹੋਈ ਇੱਕ ਬਰਾਬਰ ਹੈ। ਸਿੱਖਾਂ ਨੇ ਫ਼ਿਲਮ ਦਾ ਵਿਰੋਧ ਇਸ ਲਈ ਕੀਤਾ ਕਿ ਫ਼ਿਲਮ ‘ਚ ਗੁਰੂ ਨਾਨਕ ਦੇਵ ਦਾ ਕਿਰਦਾਰ ਕਿਸੇ ਇਨਸਾਨ ਨੇ ਨਿਭਾਇਆ ਹੈ, ਜਦੋਂਕਿ ਗੁਰੂ ਸਾਹਿਬ ਦਾ ਕਿਰਦਾਰ ਕੋਈ ਆਮ ਇਨਸਾਨ ਨਹੀਂ ਨਿਭਾਅ ਸਕਦਾ।