ਮੁੰਬਈ: 'ਓਏ ਲੱਕੀ, ਲੱਕੀ ਓਏ', 'ਫੁਕਰੇ' ਤੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' 'ਚ ਭੋਲੀ ਪੰਜਾਬਣ ਦੇ ਨਾਂ ਨਾਲ ਨਜ਼ਰ ਆਉਣ ਵਾਲੀ ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ ਔਰਤ ਕਲਾਕਾਰਾਂ ਨੂੰ ਕਾਮੇਡੀ ਕਰਨ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ।

ਰਿਚਾ ਨੇ ਕਿਹਾ, "ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਅਜਿਹਾ ਕਿਉਂ ਸੋਚਦੇ ਹਨ ਕਿ ਔਰਤਾਂ ਹਾਸੇ-ਮਖੌਲ ਵਾਲੀਆਂ ਫਿਲਮਾਂ ਨਾਲ ਇਨਸਾਫ ਨਹੀਂ ਕਰ ਸਕਦੀਆਂ। ਅਜਿਹੀਆਂ ਕਈ ਹੀਰੋਇਨਾਂ ਰਹੀਆਂ ਹਨ ਜਿਨ੍ਹਾਂ ਨੇ ਬਲੈਕ ਐਂਡ ਵਾਈਟ ਦੇ ਜ਼ਮਾਨੇ 'ਚ ਕਾਮੇਡੀ ਕੀਤੀ ਹੈ।" ਰਿਚਾ ਨੇ ਕਿਹਾ ਕਿ ਮਧੁਬਾਲਾ ਨੇ 'ਚਲਤੀ ਕਾ ਨਾਮ ਗਾੜੀ' ਫਿਲਮ 'ਚ ਤੇ 'ਮਿਸਟਰ ਇੰਡੀਆ' ਵਿੱਚ ਸ਼੍ਰੀਦੇਵੀ ਵਰਗੀਆਂ ਅਦਾਕਾਰਾਂ ਨੇ ਵੀ ਬੇਹਤਰੀਨ ਕਾਮੇਡੀ ਕੀਤੀ ਹੈ।

ਰਿਚਾ ਨੇ 2013 'ਚ 'ਫੁਕਰੇ' ਫਿਲਮ 'ਚ ਭੋਲੀ ਪੰਜਾਬਣ ਨਾਂ ਦਾ ਕਿਰਦਾਰ ਨਿਭਾਇਆ ਸੀ। ਸ਼ੁੱਕਰਵਾਰ ਨੂੰ ਇਸ ਫਿਲਮ ਦਾ ਸੀਕਵਲ ਰਿਲੀਜ਼ ਹੋਇਆ। ਇਸ 'ਚ ਉਹ ਫਿਰ ਇਸ ਕਿਰਦਾਰ 'ਚ ਨਜ਼ਰ ਆ ਰਹੀ ਹੈ ਤੇ ਉਸ ਦੀ ਅਦਾਕਾਰੀ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ।