ਨਵੀਂ ਦਿੱਲੀ: ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਦੇ ਮੁਖੀ ਸਿਦਾਰਥ ਰਾਏ ਕਪੂਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ 2017 ਦੇ ਮੱਧ ਵਿੱਚ ਜੀ.ਐੱਸ.ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਜਿੱਥੇ ਇਸ ਨਾਲ ਫ਼ਿਲਮ ਬਣਾਉਣ 'ਤੇ ਅਸਰ ਪਿਆ ਹੈ, ਉੱਥੇ ਹੀ ਫ਼ਿਲਮ ਵੇਖਣ ਵਾਲਿਆਂ ਦੀ ਗਿਣਤੀ ਵੀ ਘਟੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਜੀ.ਐੱਸ.ਟੀ. ਦੀ ਗੱਲ ਕਰੀਏ ਤਾਂ ਫਿਲਹਾਲ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਇਹ ਗੱਲ ਵੀ ਪੱਕੀ ਹੈ ਕਿ ਫ਼ਿਲਮ ਬਣਾਉਣ ਦੀ ਲਾਗਤ ਵਧੀ ਹੈ ਅਤੇ ਪੈਸਾ ਪੂਰਾ ਨਹੀਂ ਹੁੰਦਾ।
ਉਨ੍ਹਾਂ ਕਿਹਾ- ਦੂਜੀ ਗੱਲ ਇਹ ਹੈ ਕਿ 100 ਰੁਪਏ ਤੋਂ ਜ਼ਿਆਦਾ ਰੇਟ ਵਾਲੀਆਂ ਟਿਕਟਾਂ 'ਤੇ 28 ਫ਼ੀ ਸਦੀ ਟੈਕਸ ਲੱਗਣ ਕਾਰਨ ਦਰਸ਼ਕਾਂ ਦੀ ਫ਼ੀ ਲਮ ਵੇਖਣ ਦੀ ਆਦਤ ਵਿੱਚ ਘਟ ਗਈ ਹੈ। 100 ਰੁਪਏ ਤੋਂ ਸਸਤੀ ਟਿਕਟ 'ਤੇ 18 ਫ਼ੀ ਸਦੀ ਜੀ.ਐੱਸ.ਟੀ. ਲਗਦਾ ਹੈ।
ਕਪੂਰ ਨੇ ਕਿਹਾ- ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰੀ ਭਾਰਤੀ ਸਿਨੇਮਾ ਦੇ ਯੋਗਦਾਨ ਨੂੰ ਸਮਝੇਗੀ। ਉਨ੍ਹਾਂ ਕਿਹਾ ਕਿ 500 ਰੁਪਏ ਅਤੇ 1000 ਰੁਪਏ ਦੇ ਨੋਟ ਬੰਦ ਹੋਣ ਨਾਲ ਫ਼ਿਲਮਾਂ 'ਤੇ ਜ਼ਿਆਦਾ ਅਸਰ ਨਹੀਂ ਪਿਆ ਕਿਉਂਕਿ ਕਰੀਬ ਇੱਕ ਦਹਾਕੇ ਤੋਂ ਇਹ ਇੰਡਸਟਰੀ ਕੈਸ਼ ਲੈਣ-ਦੇਣ ਤੋਂ ਦੂਰ ਹੋ ਚੁੱਕੀ ਹੈ।