ਚੰਡੀਗੜ੍ਹ: ਜਸਵਿੰਦਰ ਸਿੰਘ ਭੱਲਾ ਪਾਲੀਵੁੱਡ ਦੇ ਦਿੱਗਜ਼ ਐਕਟਰ ਤੇ ਕਾਮੇਡੀਅਨ ਹਨ। ਉਨ੍ਹਾਂ ਦਾ 4 ਮਈ ਨੂੰ ਜਨਮ ਦਿਨ ਹੈ। ਭੱਲਾ ਦਾ ਜਨਮ ਅਜਿਹੇ ਪਰਿਵਾਰ ‘ਚ ਹੋਇਆ ਜਿੱਥੇ ਘਰ ਦਾ ਮਾਹੌਲ ਪੜ੍ਹਾਈ ਵਾਲਾ ਸੀ। ਇਸੇ ਲਈ ਜਸਵਿੰਦਰ ਭੱਲਾ ਨੇ Ph.D ਖੇਤੀਬਾੜੀ ਸਾਇੰਸ ‘ਚ ਪੰਜਾਬ ਅੇਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ।

 

ਬਚਪਨ ਤੋਂ ਹੀ ਕਾਮੇਡੀ ਤੇ ਐਕਟਿੰਗ ਦਾ ਸ਼ੌਂਕ ਰੱਖਣ ਵਾਲੇ ਜਸਵਿੰਦਰ ਭੱਲਾ ਨੂੰ ਚਾਚਾ ਚਤਰਾ ਨਾਂ ਨਾਲ ਵੀ ਕਾਫੀ ਪਛਾਣ ਮਿਲੀ। ਭੱਲਾ ਨੇ ਸਕੂਲ-ਕਾਲਜ ‘ਚ ਕਈ ਨਾਟਕਾਂ ‘ਚ ਹਿੱਸਾ ਲਿਆ। ਇਸ ਕਰਕੇ 1975 ‘ਚ ਉਨ੍ਹਾਂ ਨੂੰ ਆਲ ਇੰਡੀਆ ਰੇਡੀਓ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਭੱਲਾ ਤੇ ਬਾਲ ਮੁਕੁੰਦ ਸ਼ਰਮਾ ਦੋਵੇਂ ਦੋਸਤ ਸੀ ਜਿਨ੍ਹਾਂ ਨੇ ਇਕੱਠਿਆਂ ਕਈ ਸਾਲ ਕੰਮ ਕੀਤਾ। ਦੋਵਾਂ ਦਾ ਕੰਮ ਦੂਰਦਰਸ਼ਨ, ਜਲੰਧਰ ਵੱਲੋਂ ਨੋਟਿਸ ਕੀਤਾ ਗਿਆ ਤੇ ਇਸ ਜੋੜੀ ਨੇ ਦੂਰਦਰਸ਼ਨ ‘ਤੇ ਆਪਣੀ ਪ੍ਰਫੋਰਮੰਸ ਦੇਣੀ ਸ਼ੁਰੂ ਕਰ ਦਿੱਤੀ।



ਇਸ ਤੋਂ ਬਾਅਦ ਭੱਲਾ ਤੇ ਮੁਕੰਦ ਨੇ ਇਕੱਠਿਆਂ ਸੀਰੀਜ਼ ਸ਼ੁਰੂ ਕੀਤੀ ਜਿਸ ਦਾ ਨਾਂ ਸੀ ‘ਛੰਕਾਟਾ’। ਇਸ ਦੀ ਸ਼ੁਰੂਆਤ 1988 ‘ਚ ਹੋਈ ਤੇ ਦੋਵਾਂ ਨੇ ਮਿਲ ਕੇ ਇਸ ਸੀਰੀਜ਼ ਦੇ 27 ਐਪੀਸੋਡ ਕੀਤੇ ਜਿਸ ਨਾਲ ਭੱਲਾ ਨੂੰ ਕਈ ਨਾਂ ਤੇ ਹੋਰ ਕਈ ਕਿਰਦਾਰਾਂ ਨੂੰ ਪਛਾਣ ਮਿਲੀ।



ਚਾਚਾ ਚਤਰਾ ਨੂੰ ਫੇਮਸ ਕਰਕੇ ਭੱਲਾ ਨੇ ਰੁਖ ਕੀਤਾ ਫ਼ਿਲਮਾਂ ਦਾ ਜਿਨ੍ਹਾਂ ‘ਚ ਉਨ੍ਹਾਂ ਦੀ ਐਕਟਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਉਨ੍ਹਾਂ ਦੇ ਫ਼ਿਲਮਾਂ ਦੇ ਕਈ ਪੰਚ ਅੱਜ ਵੀ ਲੋਕਾਂ ਦੀ ਜੁਬਾਨ ‘ਤੇ ਹਨ। ਅੱਜ ਵੀ ਭੱਲਾ ਆਪਣੀ ਐਕਟਿੰਗ ਤੇ ਕਾਮੇਡੀ ਨਾਲ ਔਡੀਅੰਸ ਨੂੰ ਖੁਸ਼ ਕਰ ਰਹੇ ਹਨ।



ਜਸਵਿੰਦਰ ਨੂੰ ਅਸੀਂ 2017 ‘ਚ ਆਈ ਫ਼ਿਲਮ ‘ਵੇਖ ਬਰਾਤਾਂ ਚਲੀਆਂ’ ‘ਚ ਦੇਖ ਚੁੱਕੇ ਹਾਂ ਤੇ ਜਲਦੀ ਹੀ ਭੱਲਾ ਦੀ ਇੱਕ ਹੋਰ ਕਾਮੇਡੀ ਫ਼ਿਲਮ ‘ਕੈਰੀ ਆਨ ਜੱਟਾ’ ਦਾ ਸੀਕੂਅਲ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਪਹਿਲੇ ਪਾਰਟ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਮਿਲਿਆ ਸੀ ਤੇ ਮੂਵੀ ਦੇ ਡਾਈਲਾਗ ਵੀ ਸਭ ਨੇ ਕਾਫੀ ਪਸੰਦ ਕੀਤੇ ਸੀ।



ਸਾਡੀ ਸਾਰੀ ਟੀਮ ਵੱਲੋਂ ਚਾਚਾ ਚਤਰ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਤੇ ਉਮੀਦ ਕਰਦੇ ਹਾਂ ਉਨ੍ਹਾਂ ਦੀ ਫ਼ਿਲਮਾਂ ਆਉਣ ਵਾਲੇ ਸਮੇਂ ‘ਚ ਵੀ ਇਸੇ ਤਰ੍ਹਾਂ ਸਭ ਨੂੰ ਹਸਾਉਂਦੇ ਰਹਿਣ।