ਨਵੀਂ ਦਿੱਲੀ: ਸਿਆਸਤ ਵਿੱਚ ਪ੍ਰਭਾਵਸ਼ਾਲੀ ਗਾਂਧੀ-ਨਹਿਰੂ ਪਰਿਵਾਰ ਤੇ ਫ਼ਿਲਮੀ ਦੁਨੀਆ ਦੇ ਦਿੱਗਜ ਕਪੂਰ ਪਰਿਵਾਰ ਦੀ ਨੇੜਤਾ ਜੱਗ ਜ਼ਾਹਰ ਹੈ ਪਰ ਇਹ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਪੁੱਤਰ ਰਾਜੀਵ ਗਾਂਧੀ ਦਾ ਵਿਆਹ ਮੰਨੇ-ਪ੍ਰਮੰਨੇ ਅਦਾਕਾਰ ਮਰਹੂਮ ਰਾਜ ਕਪੂਰ ਦੀ ਧੀ ਨਾਲ ਕਰਵਾਉਣਾ ਚਾਹੁੰਦੀ ਸੀ।

ਪੱਤਰਕਾਰ ਰਸ਼ੀਦ ਕਿਦਵਈ ਨੇ ਆਪਣੀ ਕਿਤਾਬ 'ਨੇਤਾ ਅਭਿਨੇਤਾ: ਬਾਲੀਵੁੱਡ ਸਟਾਰ ਪਾਵਰ ਇਨ ਇੰਡੀਅਨ ਪਾਲਿਟਿਕਸ' ਵਿੱਚ ਲਿਖਿਆ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਦਿੱਗਜ ਅਦਾਕਾਰ ਰਹੇ ਪ੍ਰਿਥਵੀਰਾਜ ਕਪੂਰ ਦਰਮਿਆਨ ਚੰਗੀ ਦੋਸਤੀ ਸੀ ਤੇ ਇੰਦਰਾ ਦੇ ਮਨ ਵਿੱਚ ਵੀ ਕਪੂਰ ਪਰਿਵਾਰ ਲਈ ਬਹੁਤ ਆਦਰ ਤੇ ਸਤਿਕਾਰ ਸੀ।

ਕਿਤਾਬ ਮੁਤਾਬਕ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਦੋਵਾਂ ਪਰਿਵਾਰਾਂ ਦਰਮਿਆਨ ਦਾ ਰਿਸ਼ਤਾ ਦੋਸਤੀ ਤੋਂ ਅੱਗੇ ਵਧਿਆ ਤੇ ਇਸ ਲਈ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵਿਆਹ ਰਾਜ ਕਪੂਰ ਦੀ ਵੱਡੀ ਧੀ ਰਿਤੂ ਨਾਲ ਕਰਵਾਉਣ ਦਾ ਸੋਚਿਆ ਸੀ।

ਰਸ਼ੀਦ ਦੀ ਕਿਤਾਬ ਮੁਤਾਬਕ ਇੰਦਰਾ ਗਾਂਦੀ ਦੀ ਇਹ ਖ਼ਾਹਸ਼ ਪੂਰੀ ਨਾ ਹੋਈ, ਕਿਉਂਕਿ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੋਇਆਂ ਰਾਜੀਵ ਗਾਂਧੀ ਦਾ ਪਿਆਰ ਸੋਨੀਆ ਮਾਇਨੋ (ਸੋਨੀਆ ਗਾਂਧੀ) ਨਾਲ ਪੈ ਗਿਆ ਤੇ ਦੋਵਾਂ ਨੇ 1968 ਵਿੱਚ ਵਿਆਹ ਕਰ ਲਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਤੇ ਕਾਂਗਰਸ ਦੇ ਮੌਜੂਦ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਸਾਲ 2002 ਵਿੱਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਪਸੰਦ ਦੱਸਿਆ ਸੀ। ਹਾਲਾਂਕਿ, ਸਾਲ 2009 ਵਿੱਚ ਕਰੀਨਾ ਨੇ ਆਪਣਾ ਬਿਆਨ ਬਦਲਦਿਆਂ ਕਿਹਾ ਸੀ ਕਿ ਇਹ ਬਹੁਤ ਪੁਰਾਣੀ ਗੱਲ ਹੈ। ਰਸ਼ੀਦ ਨੇ ਆਪਣੀ ਕਿਤਾਬ ਵਿੱਚ ਇਹ ਵੀ ਲਿਖਿਆ ਹੈ ਕਿ ਰਾਹੁਲ ਵੀ ਕਰੀਨਾ ਦੀਆਂ ਫ਼ਿਲਮਾਂ ਨੂੰ ਪਹਿਲੇ ਦਿਨ ਤੇ ਪਹਿਲਾ ਸ਼ੋਅ ਵੇਖਣ ਵਿੱਚ ਦਿਲਚਸਪੀ ਰੱਖਦੇ ਸੀ।