ਨਵੀਂ ਦਿੱਲੀ: ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਹਰ ਰੋਜ਼ ਕਾਫ਼ੀ ਦਵਾਈਆਂ ਲੈ ਰਿਹਾ ਹੈ ਤੇ ਇਹ ਡੋਜ਼ 23 ਗੋਲੀਆਂ ਦੀ ਹੁੰਦੀ ਹੈ। ਇਨ੍ਹੀਂ ਦਿਨੀਂ ਉਹ ਕਾਫ਼ੀ ਤਣਾਅ ’ਚੋਂ ਗੁਜ਼ਰ ਰਿਹਾ ਹੈ ਤੇ ਆਪਣੇ ਕੰਮ ਤੋਂ ਵੀ ਖ਼ੁਸ਼ ਨਹੀਂ ਹੈ।

ਕੁਝ ਦਿਨ ਪਹਿਲਾਂ ਕਪਿਲ ਨੇ ਟਵਿੱਟਰ ’ਤੇ ਮੰਦੇ ਸ਼ਬਦ ਬੋਲੇ ਸਨ ਜੋ ਵੱਡੀ ਚਰਚਾ ਦਾ ਵਿਸ਼ਾ ਬਣ ਗਏ ਸੀ। ਕਪਿਲ ਨੇ ਕੁਝ ਦਿਨ ਪਹਿਲਾਂ ਹੀ ਸੋਨੀ ਟੀਵੀ ’ਤੇ ਨਵਾਂ ਸ਼ੋਅ ‘ਫੈਮਿਲੀ ਟਾਈਮ ਵਿਦ ਕਪਿਲ’ ਸ਼ੁਰੂ ਹੋਇਆ ਹੈ ਪਰ ਉਹ ਜ਼ਿਅਦਾਤਰ ਸ਼ੋਅਜ਼ ਦੀ ਸ਼ੂਟਿੰਗ ਕੈਂਸਲ ਕਰ ਰਿਹਾ ਹੈ।

ਕਪਿਲ ਦੇ ਕਰੀਬੀ ਮਿੱਤਰ ਚੰਦਨ ਪ੍ਰਭਾਕਰ ਯਾਨੀ ਚੰਦੂ ਚਾਇਵਾਲਾ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਫਿਲਹਾਲ ਕਪਿਲ ਦਵਾਈ ਲੈ ਰਿਹਾ ਹੈ ਅਤੇ ਆਪਣੀ ਸਿਹਤ ਵੱਲ ਧਿਆਨ ਦੇ ਰਿਹਾ ਹੈ। ਇਸ ਗੱਲ ਨੂੰ ਉਸ ਦੀ ਕੋ-ਹੋਸਟ ਨੇਹਾ ਪੇਂਡਸੇ ਨੇ ਹੋਰ ਪੱਕਿਆਂ ਕੀਤਾ। ਉਸ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦੀ ਸ਼ੂਟਿੰਗ ਵੀ ਨਹੀਂ ਹੋ ਰਹੀ। ਹਾਲਾਂਕਿ, ਨੇਹਾ ਨੇ ਅਜੇ ਸ਼ੋਅ ਨਹੀਂ ਛੱਡਿਆ ਪਰ ਚੈਨਲ ਨੇ ਉਸ ਨੂੰ ਕਿਹਾ ਹੈ ਕਿ ਜਦੋਂ ਤਕ ਸ਼ੋਅ ਪੂਰੀ ਤਰ੍ਹਾਂ ਟਰੈਕ ’ਤੇ ਨਹੀਂ ਆ ਜਾਂਦਾ, ਉਹ ਕੋਈ ਹੋਰ ਕੰਮ ਕਰ ਸਕਦੀ ਹੈ।

ਕਪਿਲ ਦੇ ਵਿਵਾਦ ਸਬੰਧੀ ਉਸ ਦੇ ਪੁਰਾਣੇ ਸਾਥੀ ਸੁਨੀਲ ਗਰੋਵਰ ਨੇ ਵੀ ਕਿਹਾ ਕਿ ਕਪਿਲ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਕਪਿਲ ਦਾ ਪੁਰਾਣਾ ਸ਼ੋਅ ਵੀ ਵਿਵਾਦਾਂ ਦੀ ਹੀ ਭੇਟ ਚੜ੍ਹ ਗਿਆ ਸੀ ਤੇ ਹੁਣ ਇਸ ਨਵੇਂ ਸ਼ੋਅ 'ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।