ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਕਪਿਲ ਨੇ ਆਪਣੇ ਨਵੇਂ ਸ਼ੋਅ ਦੀ ਪ੍ਰਚਾਰਕ ਵੀਡੀਓ ਵੀ ਸ਼ੂਟ ਕਰ ਲਈ ਹੈ। ਪ੍ਰੋਮੋ ਸ਼ੇਅਰ ਕਰਦਿਆਂ ਸੋਨੀ ਟੀ.ਵੀ. ਨੇ ਲਿਖਿਆ, "ਵਾਪਸ ਆ ਰਿਹਾ ਹੈ ਕਪਿਲ ਸ਼ਰਮਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ, ਕੁਝ ਵੱਖਰਾ ਲੈ ਕੇ। ਇਸ ਵਾਰ ਹਾਸਿਆਂ ਤੋਂ ਇਲਾਵਾ ਕੁਝ ਹੋਰ ਵੀ ਜਾਵੇਗਾ ਦੇ ਕੇ।"

ਪ੍ਰੋਮੋ ਵਿੱਚ ਕਪਿਲ ਸ਼ਰਮਾ ਇੱਕ ਆਟੋ ਰਿਕਸ਼ਾ ਵਾਲੇ ਤੋਂ ਸੋਨੀ ਟੀ.ਵੀ. ਦੇ ਦਫਤਰ ਚੱਲਣ ਲਈ ਕਹਿੰਦਾ ਹੈ ਤਾਂ ਉਹ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਉਹ ਪੇਮੈਂਟ ਨਹੀਂ ਕਰ ਸਕਦੇ। ਇਸ ਤੋਂ ਬਾਅਦ ਕਪਿਲ ਬੱਸ ਰਾਹੀਂ ਜਾਂਦੇ ਹਨ। ਦਰਅਸਲ ਪ੍ਰਚਾਰਕ ਵੀਡੀਓ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਪਿਲ ਸ਼ਰਮਾ ਕੁਝ ਨਵਾਂ ਲੈ ਕੇ ਆ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਪਿਲ ਗੇਮ ਸ਼ੋਅ ਰਾਹੀਂ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ।

ਕਾਫੀ ਸਮੇਂ ਤੋਂ ਸੋਨੀ ਟੀ.ਵੀ. ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੇ 'ਦ ਕਪਿਲ ਸ਼ਰਮਾ ਸ਼ੋਅ' ਨੂੰ ਬੰਦ ਰੱਖਿਆ ਸੀ। ਕਪਿਲ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਸ਼ੋਅ ਨੂੰ ਆਫ ਏਅਰ ਕਰ ਦਿੱਤਾ ਗਿਆ ਸੀ। ਦਰਸ਼ਕ ਲੰਮੇ ਸਮੇਂ ਤੋਂ ਕਪਿਲ ਦੇ ਸ਼ੋਅ ਦੇ ਇੰਤਜ਼ਾਰ ਵਿੱਚ ਹਨ।