ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਅਕਸਰ ਹੀ ਵਿਵਾਦਾਂ ‘ਚ ਘਿਰ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਪੱਤਰਕਾਰ ਨਾਲ ਬਦਸਲੂਕੀ ਤੇ ਗਾਲਾਂ ਕੱਢਣ ਕਰਕੇ ਉਨ੍ਹਾਂ ਨੂੰ ਮਾਫੀ ਮੰਗਣੀ ਪਈ ਸੀ। ਹੁਣ ਖ਼ਬਰ ਹੈ ਕਿ ਕਪਿਲ ਸ਼ਰਮਾ ਨੇ ਬੁੱਧਵਾਰ ਨੂੰ ਸਪੋਟਬੁਆਏ-ਈ ਤੇ ਜਰਨਲਿਸਟ ਵਿੱਕੀ ਲਾਲਵਾਨੀ ਨੂੰ ਬਦਨਾਮ ਕਰਨ ਵਾਲੇ ਲੇਖਾਂ ਨਾਲ ਚਰਿੱਤਰ ਖ਼ਰਾਬ ਕਰਨ ਖਿਲਾਫ ਕਾਨੂੰਨੀ ਨੋਟਿਸ ਭੇਜਿਆ ਹੈ।


 

ਕਪਿਲ ਨੇ ਨੋਟਿਸ ਮਿਲਣ ‘ਤੇ ਸੱਤ ਦਿਨ ਦੇ ਅੰਦਰ ਜਨਤਕ ਮੁਆਫ਼ੀ ਮੰਗਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਇਸ ਨੋਟਿਸ ਦੀ ਕਾਪੀ ਮੀਡੀਆ ਕੋਲ ਵੀ ਹੈ। ਕਪਿਲ ਨੇ ਪਬਲੀਕੇਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ‘ਕਪਿਲ ਖ਼ਿਲਾਫ ਛਪੇ ਇੰਟਰਵਿਊ, ਬਿਆਨ, ਖ਼ਬਰਾਂ ਜਿਨ੍ਹਾਂ ਨਾਲ ਉਸ ਦੀ ਬਦਨਾਮੀ ਹੋਈ ਹੈ ‘ਤੇ ਰੋਕ ਲਾਵੇ’। ਇਸ ਦੇ ਨਾਲ ਹੀ ਮੀਡੀਆ ਦੇ ਸਾਰੇ ਪਲੇਟਫਾਰਮਾਂ 'ਤੇ ਸਾਰੇ ਬਦਨਾਮ ਕਰਨ ਵਾਲੇ ਲੇਖਾਂ, ਪ੍ਰਕਾਸ਼ਨਾਂ ਦੀ ਸਮੱਗਰੀ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਹੈ।

ਕਪਿਲ ਦੇ ਵਕੀਲ ਤਨਵੀਰ ਨਿਜ਼ਾਮ ਨੇ ਕਾਨੂੰਨੀ ਨੋਟਿਸ ਭੇਜਣ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, “ਕਪਿਲ ਨੂੰ ਬੁਰੀ ਤਰ੍ਹਾਂ ਬਦਨਾਮ ਕਰਨ ਲਈ ਸਪੌਟਬੀਏ ਤੇ ਵਿਕੀ ਲਾਲਵਾਨੀ ਦੇ ਲੇਖਾਂ ਦੇ ਮੱਦੇਨਜ਼ਰ, ਅਸੀਂ ਉਨ੍ਹਾਂ ਨੂੰ ਸੱਤ ਦਿਨ ਦੇ ਅੰਦਰ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਜੇਕਰ ਉਨ੍ਹਾਂ ਨੇ ਮੁਆਫ਼ੀ ਨਾ ਮੰਗੀ ਤਾਂ ਦੋਵਾਂ ਖ਼ਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।”

ਇਹ ਵਿਵਾਦ ਪਿਛਲੇ ਮਹੀਨੇ ਹੋਇਆ ਸੀ ਜਦੋਂ ਆਡੀਓ ਕਾਲ ਹੋਈ ਸੀ ਜਿਸ ‘ਚ ਕਪਿਲ ਨੇ ਲਾਲਵਾਨੀ ਨੂੰ ਗਾਲ੍ਹਾਂ ਕੱਢੀਆਂ ਸਨ ਜਿਸ ਨੂੰ ਜਨਤਕ ਕੀਤਾ ਗਿਆ ਸੀ।