ਅੰਮ੍ਰਿਤਸਰ: ਗੁਰੂ ਨਗਰੀ ਦੇ ਰਹਿਣ ਵਾਲੇ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਸੋਸ਼ਲ ਮੀਡੀਆ ਤੋਂ ਕਾਫੀ ਖਫਾ ਹਨ। ਹੋਰ ਤਾਂ ਹੋਰ ਉਨ੍ਹਾਂ ਦੇ ਮਾਤਾ ਜਨਕ ਰਾਣੀ ਵੀ ਸੋਸ਼ਲ ਮੀਡੀਆ ਨੂੰ ਨਫਰਤ ਕਰਦੇ ਹਨ। ਇਸ ਦਾ ਖੁਲਾਸਾ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਖੁਦ ਜਨਕ ਰਾਣੀ ਨੇ ਕੀਤਾ।
ਉਨ੍ਹਾਂ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਜਿਸ ਵੇਲੇ ਉਨ੍ਹਾਂ ਨੇ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਸੁਣੀ ਕਿ ਉਨ੍ਹਾਂ ਨੇ ਸੁਨੀਲ ਗਰੋਵਰ ਉਰਫ਼ ਗੁੱਥੀ ਕੋਲੋਂ ਕਪਿਲ ਵੱਲੋਂ ਕੀਤੇ ਵਰਤਾਰੇ ਲਈ ਮਾਫੀ ਮੰਗੀ ਹੈ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਚੜ੍ਹਿਆ। ਇਸ ਗੱਲ ਵਿੱਚ ਕੁਝ ਵੀ ਅਸਲੀਅਤ ਨਹੀਂ ਸੀ ਤੇ ਸੋਸ਼ਲ ਮੀਡੀਆ ਬਿਨਾਂ ਕੁਝ ਸੱਚਾਈ ਜਾਣੇ ਕੁਝ ਵੀ ਛਾਪ ਦਿੰਦਾ ਹੈ।
ਕਪਿਲ ਦੀ ਮਾਤਾ ਜਨਕ ਰਾਣੀ ਨੇ ਇਹ ਵੀ ਆਖਿਆ ਕਿ ਪਹਿਲਾਂ ਉਹ ਅਜਿਹੀਆਂ ਖਬਰਾਂ ਦੀ ਪ੍ਰਵਾਹ ਕਰਦੇ ਸਨ ਪਰ ਹੁਣ ਉਨ੍ਹਾਂ ਦਾ ਕੋਈ ਅਸਰ ਨਹੀਂ। ਜਨਕ ਰਾਣੀ ਨੇ ਇਸ ਸਬੰਧੀ ਇਹ ਖੁਲਾਸਾ ਜ਼ਰੂਰ ਕੀਤਾ ਕਿ ਸੁਨੀਲ ਗਰੋਵਰ ਨੇ ਉਨ੍ਹਾਂ ਨੂੰ ਤੇ ਕਪਿਲ ਨੂੰ ਘਰ ਖਾਣੇ 'ਤੇ ਬੁਲਾਇਆ ਸੀ। ਉਨ੍ਹਾਂ ਦੀ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਸੀ। ਇਸ ਵਿੱਚ ਮਾਫੀ ਵਾਲੀ ਕੋਈ ਗੱਲ ਨਹੀਂ। ਇਹ ਸਾਰਾ ਵਾਕਿਆ ਆਸਟਰੇਲੀਆ ਦੌਰੇ ਤੋਂ ਬਾਅਦ ਦਾ ਹੈ। ਉਨ੍ਹਾਂ ਦੇ ਮਾਫੀ ਮੰਗਣ ਦੀ ਖਬਰ ਜਦ ਉਨ੍ਹਾਂ ਨੇ ਸੁਣੀ ਤਾਂ ਉਨ੍ਹਾਂ ਦੇ ਮਨ ਨੂੰ ਠੇਸ ਵੀ ਪੁੱਜੀ। ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਯਕੀਨ ਕਰਨਾ ਬਿਲਕੁਲ ਬੰਦ ਕਰ ਦਿੱਤਾ।