ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਨਾਲ ਸਮਾਗਮ ਦੌਰਾਨ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਵਿੱਚ ਸਮਾਗਮ ਵਿੱਚ ਅਭਿਨੇਤਰੀ ਤਮੰਨਾ ਭਾਟੀਆ 'ਤੇ ਵਿਅਕਤੀ ਨੇ ਕਥਿਤ ਤੌਰ 'ਤੇ ਜੁੱਤਾ ਸੁੱਟਿਆ। ਪੁਲਿਸ ਨੇ ਦੱਸਿਆ ਕਿ ਅਭਿਨੇਤਰੀ 'ਤੇ ਜੁੱਤਾ ਉਸ ਵੇਲੇ ਸੁੱਟਿਆ ਗਿਆ ਜਦੋਂ ਉਹ ਜਵੈਲਰੀ ਦੇ ਸਟੋਰ ਦਾ ਉਦਘਾਟਨ ਕਰਨ ਪਹੁੰਚੀ ਸੀ।
ਨਾਰਾਇਣਮੁੰਡਾ ਥਾਣੇ ਦੇ ਇੰਸਪੈਕਟਰ ਬੀ ਰਵਿੰਦਰ ਨੇ ਕਿਹਾ ਕਿ ਬੀਟੈਕ ਕਰ ਰਹੇ ਮੁਸ਼ੀਰਾਬਾਦ ਦੇ ਰਹਿਣ ਵਾਲੇ ਕਰੀਮਉੱਲਾ ਨੇ ਤਮੰਨਾ 'ਤੇ ਕਥਿਤ ਜੁੱਤਾ ਸੁੱਟਿਆ, ਜਦੋਂ ਉਹ ਸਟੋਰ ਵਿੱਚੋਂ ਬਾਹਰ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਜੁੱਤਾ ਸਟੋਰ ਦੇ ਇੱਕ ਕਰਮਚਾਰੀ ਨੂੰ ਲੱਗਾ।
ਇੰਸਪੈਕਟਰ ਨੇ ਦੱਸਿਆ ਕਿ ਕਰੀਮਉੱਲਾ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ ਅਭਿਨੇਤਰੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਫ਼ਿਲਮਾਂ ਵਿੱਚ ਨਿਭਾਈ ਗਈ ਭੂਮਿਕਾ ਨੂੰ ਲੈ ਕੇ ਨਿਰਾਸ਼ ਸੀ। ਜਿਸ ਕਰਮਚਾਰੀ ਨੂੰ ਜੁੱਤਾ ਲੱਗਿਆ ਉਸ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਤਮੰਨਾ ਸੁਪਰਹਿੱਟ ਫਿਲਮ 'ਬਾਹੂਬਲੀ' ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਬੌਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਤਮੰਨਾ ਨੇ ਹਿੰਦੀ ਤੋਂ ਇਲਾਵਾ ਤੇਲਗੂ ਤੇ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।