ਨਵੀਂ ਦਿੱਲੀ: ਦੁਨੀਆ ਭਰ 'ਚ ਅੱਜ ਇੱਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਦੇ ਚਰਚੇ ਹਨ। 2017 ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਮਾਨੁਸ਼ੀ ਛਿੱਲਰ ਦੇ ਇਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਪੂਰੇ ਮੁਲਕ ਨੂੰ ਉਨ੍ਹਾਂ 'ਤੇ ਮਾਣ ਹੋ ਰਿਹਾ ਹੈ। ਅਜਿਹੇ 'ਚ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਵਧਾਈਆਂ ਦੇ ਰਹੇ ਹਨ। ਇਸ ਕਾਰਨ #MissWorld2017 ਤੇ #ManushiChhillar ਟੌਪ 'ਚ ਟ੍ਰੈਂਡ ਕਰ ਰਿਹਾ ਹੈ।
ਪ੍ਰਿਅੰਕਾ ਚੋਪੜਾ ਤੋਂ ਲੈ ਕੇ ਸੁਸ਼ਮਿਤਾ ਸੇਨ ਤੱਕ ਨੇ ਮਾਨੁਸ਼ੀ ਛਿੱਲਰ ਨੂੰ ਵਧਾਈਆਂ ਦਿੱਤੀਆਂ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਨੇ 2000 'ਚ ਇਹ ਖਿਤਾਬ ਜਿੱਤਿਆ ਸੀ। ਇਸ ਦੇ ਪੂਰੇ 17 ਸਾਲ ਬਾਅਦ ਇਹ ਮਾਨੁਸ਼ੀ ਛਿੱਲਰ ਨੂੰ ਇਹ ਖਿਤਾਬ ਮਿਲਿਆ ਹੈ। ਇੰਨੇ ਇੰਤਜ਼ਾਰ ਮਗਰੋਂ ਮਿਲੇ ਇਸ ਐਵਾਰਡ ਨੂੰ ਲੈ ਕੇ ਲੋਕਾਂ 'ਚ ਖੁਸ਼ੀ ਹੈ। ਮਾਨੁਸ਼ੀ ਦੀ ਉਮਰ ਸਿਰਫ 20 ਸਾਲ ਹੈ ਤੇ ਉਹ ਮੈਡੀਕਲ ਦੀ ਸਟੂਡੈਂਟ ਹੈ। ਇੰਗਲੈਂਡ ਦੀ ਸੁੰਦਰੀ ਨੂੰ ਫਸਟ ਰਨਰਅਪ ਤੇ ਮੈਕਸੀਕੋ ਦੀ ਕੁੜੀ ਸੈਕੰਡ ਰਨਰਅਪ ਚੁਣੀ ਗਈ।
ਦਿੱਲੀ ਦੀ ਮਾਨੁਸ਼ੀ ਦਾ ਜਨਮ 7 ਮਈ, 1997 'ਚ ਹੋਇਆ ਸੀ। ਉਨ੍ਹਾਂ ਨੇ ਮੈਡੀਸਨ ਦੀ ਪੜ੍ਹਾਈ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੈਨ ਮਾਨੁਸ਼ੀ ਸਾਬਕਾ ਮਿਸ ਵਰਲਡ ਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਵਾਂਗ ਬਣਨਾ ਚਾਹੁੰਦੀ ਹੈ। ਅਜਿਹੇ 'ਚ ਪ੍ਰਿਅੰਕਾ ਵੱਲੋਂ ਵਧਾਈਆਂ ਮਿਲਣ 'ਤੇ ਮਾਨੁਸ਼ੀ ਬੇਹੱਦ ਖੁਸ਼ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਮਿਸ ਵਰਲਡ ਖਿਤਾਬ ਜਿੱਤਣ ਵਾਲਾ ਮੁਲਕ ਬਣ ਗਿਆ ਹੈ। ਸਭ ਤੋਂ ਪਹਿਲਾਂ 1966 'ਚ ਰੇਡਤਾ ਫਰਿਆ ਨੂੰ ਇਹ ਐਵਾਰਡ ਮਿਲਿਆ ਸੀ।ਇਸ ਤੋਂ ਬਾਅਦ 1994 'ਚ ਐਸ਼ਵਰਿਆ ਰਾਏ, 1997 'ਚ ਡਾਇਨਾ ਹੈਡਨ, 1999 'ਚ ਯੁਕਤਾ ਮੁਖੀ ਤੇ ਅਗਲੇ ਸਾਲ ਪ੍ਰਿਅੰਕਾ ਚੋਪੜਾ ਇਸ ਸਨਮਾਨ ਨਾਲ ਨਵਾਜੀ ਗਈ। ਇਸ ਤੋਂ ਬਾਅਦ ਹੁਣ ਮਾਨੁਸ਼ੀ ਨੂੰ ਐਵਾਰਡ ਮਿਲਿਆ ਹੈ।