ਨਵੀਂ ਦਿੱਲੀ: ਦੇਸ਼ ਦੇ ਸਥਾਪਤ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਨੇ ਪਦਮਾਵਤੀ ਫ਼ਿਲਮ ਨੂੰ ਵੇਖ ਲਿਆ ਹੈ। ਏ.ਬੀ.ਪੀ. ਨਿਊਜ਼ ਨੇ ਉਨ੍ਹਾਂ ਨਾਲ ਗੱਲ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਉਸ 'ਚ ਅਜਿਹਾ ਕੀ ਹੈ ਜਿਸ ਤੋਂ ਰਾਜਪੂਤ ਸਮਾਜ ਪਰੇਸ਼ਾਨ ਹੈ ਜਾਂ ਇਸ ਤੋਂ ਇਲਾਵਾ ਕੁਝ ਹੋਰ ਗਲਤ ਹੈ?
ਏਬੀਪੀ ਨਿਊਜ਼ ਨੇ ਉਨ੍ਹਾਂ ਤੋਂ ਇਹ ਵੀ ਜਾਣਨਾ ਚਾਹਿਆ ਕਿ ਆਖਿਰ ਉਸ 'ਚ ਕੀ-ਕੀ ਗ਼ਲਤ ਵਿਖਾਇਆ ਗਿਆ ਹੈ। ਉਨ੍ਹਾਂ ਦੇ ਜਵਾਬਾਂ ਤੋਂ ਇਹ ਸਾਫ ਹੋ ਗਿਆ ਕਿ ਫ਼ਿਲਮ ਕਮਾਲ ਦੀ ਹੈ ਅਤੇ ਇਸ 'ਚ ਕੁਝ ਵੀ ਗ਼ਲਤ ਨਹੀਂ ਵਿਖਾਇਆ ਗਿਆ।
ਵੈਦਿਕ ਨੇ ਦੱਸਿਆ,"ਪਹਿਲਾਂ ਤਾਂ ਮੈਂ ਇਹ ਪਤਾ ਕੀਤਾ ਕਿ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਵੇਖਣਾ ਗ਼ੈਰਕਾਨੂੰਨੀ ਜਾਂ ਅਨੈਤਿਕ ਤਾਂ ਨਹੀਂ ਹੈ। ਮੈਂ ਪੂਰੀ ਸਾਵਧਾਨੀ ਨਾਲ ਫ਼ਿਲਮ ਵੇਖੀ, ਕਿਉਂਕਿ ਮੈਂ ਇਸ ਬਾਰੇ ਤੱਥ ਦੱਸਣੇ ਸਨ। ਫ਼ਿਲਮ ਬਹੁਤ ਚੰਗੀ ਹੈ। ਅਲਾਉਦੀਨ ਨੂੰ ਜਦ ਮੈਂ ਵੇਖਿਆ ਤਾਂ ਜਿਵੇਂ ਅਫ਼ਗਾਨਿਸਤਾਨ ਮੇਰੇ ਸਾਹਮਣੇ ਆ ਗਿਆ।"
ਵੈਦਿਕ ਨੇ ਦੱਸਿਆ ਕਿ ਦਰਅਸਲ ਗਿਲਜ਼ਈ ਸਹੀ ਸ਼ਬਦ ਹੈ। ਖਿਲਜੀ ਨਹੀਂ। ਇਹ ਕਬੀਲਾ ਬੜੇ ਗੁੱਸੇ ਵਾਲਾ ਸੀ। ਖਿਲਜੀ ਨੇ ਤਾਂ ਆਪਣੇ ਸਕੇ ਚਾਚਾ ਨੂੰ ਮਾਰ ਦਿੱਤਾ ਸੀ ਅਤੇ ਉਸ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ। ਖਿਲਜੀ ਨੇ ਚਿੱਤੌੜ ਨੂੰ ਘੇਰਾ ਪਾ ਕੇ ਸੂਬੇ ਅਤੇ ਪਦਮਾਵਤੀ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਰਾਜੇ ਨੇ ਉਸ ਨੂੰ ਰਾਜ ਮਹਿਲ ਬੁਲਾਇਆ ਅਤੇ ਉਸ ਦੀ ਚੰਗੀ ਸੇਵਾ ਕੀਤੀ।
ਵੈਦਿਕ ਨੇ ਕਿਹਾ ਕਿ ਮੈਨੂੰ ਇਸ ਫਿਲਮ 'ਚ ਕੁਝ ਵੀ ਗ਼ਲਤ ਨਹੀਂ ਲੱਗਿਆ। ਰਤਨਸੇਨ ਗ੍ਰਿਫ਼ਤਾਰ ਹੋਏ ਤਾਂ ਦੁਰਗਾ ਅਵਤਾਰ 'ਚ ਪਦਮਾਵਤੀ ਨੇ ਉਸ ਨੂੰ ਛੁਡਾਇਆ ਸੀ। ਗੁਲਾਮਾਂ ਬਹਾਨੇ ਸੈਨਿਕਾਂ ਨੂੰ ਨਾਲ ਲੈ ਗਈ ਸੀ ਪਦਮਾਵਤੀ। ਘੂਮਰ ਡਾਂਸ ਬਾਰੇ ਮੈਨੂੰ ਸ਼ੱਕ ਸੀ ਪਰ ਜਦੋਂ ਮੈਂ ਵੇਖਿਆ ਤਾਂ ਦੰਗ ਰਹਿ ਗਿਆ।
ਉਨ੍ਹਾਂ ਕਿਹਾ ਕਿ ਫ਼ਿਲਮ 'ਚ ਅਜਿਹਾ ਕੁਝ ਵੀ ਨਹੀਂ ਜਿਸ 'ਤੇ ਕੈਂਚੀ ਚਲਾਈ ਜਾਵੇ। ਇਹ ਫ਼ਿਲਮ ਰਾਜਪੂਤ ਲੋਕਾਂ ਦੀ ਬਹਾਦਰੀ ਦੀ ਕਹਾਣੀ ਹੈ। ਰਾਜਪੂਤ ਸਮਾਜ ਜਿਹੜਾ ਇਸ ਖਿਲਾਫ ਹੈ ਸਗੋਂ ਉਨ੍ਹਾਂ ਨੂੰ ਇਹ ਫ਼ਿਲਮ ਵੇਖਣੀ ਚਾਹੀਦੀ ਹੈ।