ਨਵੀਂ ਦਿੱਲੀ: "ਬਾਲੀਵੁੱਡ ਵਿੱਚ ਸਿੱਖ ਅਦਾਕਾਰਾਂ ਬਾਰੇ ਧਾਰਨਾ ਬਦਲ ਗਈ ਹੈ। ਇਸ ਕੰਮ ਲਈ ਦਿਲਜੀਤ ਦੋਸਾਂਝ ਨੇ ਵੱਡਾ ਰੋਲ ਨਿਭਾਇਆ ਹੈ।" ਇਹ ਕਹਿਣਾ ਹੈ ‘ਓਏ ਲੱਕੀ, ਲੱਕੀ ਓਏ’ ਤੋਂ ਮਸ਼ਹੂਰ ਹੋਏ ਅਦਾਕਾਰ ਮਨਜੋਤ ਸਿੰਘ ਦਾ। ਉਨ੍ਹਾਂ ਕਿਹਾ ਕਿ ਪਹਿਲਾਂ ਧਾਰਨ ਸੀ ਕਿ ਸਰਦਾਰ ਫਿਲਮਾਂ ਵਿੱਚ ਸਿਰਫ਼ ਹਾਸਰਸੀ ਭੂਮਿਕਾ ਹੀ ਨਿਭਾ ਸਕਦੇ ਹਨ ਪਰ ਹੁਣ ਸਭ ਕੁਝ ਬਦਲ ਰਿਹਾ ਹੈ।


 

ਮਨਜੋਤ ਸਿੰਘ ਨੇ ਆਈਏਐਨਐਸ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਸ ਨੇ ਫਿਲਮਾਂ ਵਿੱਚ ਰੋਮਾਂਟਿਕ ਤੇ ਗੰਭੀਰ ਅਦਾਕਾਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਸ ਨੂੰ ਕਿਹਾ ਗਿਆ, ‘‘ਸਰਦਾਰ ਫਿਲਮਾਂ ਵਿੱਚ ਸਿਰਫ਼ ਹਾਸਰਸੀ ਭੂਮਿਕਾ ਹੀ ਨਿਭਾ ਸਕਦੇ ਹਨ।’’ ਇਸ ਨੌਜਵਾਨ ਅਦਾਕਾਰ ਨੇ ਮਹਿਸੂਸ ਕੀਤਾ ਕਿ ਸਿਰਫ਼ ਸਿੱਖ ਅਦਾਕਾਰ ਹੀ ਇਸ ਧਾਰਨਾ ਨੂੰ ਬਦਲ ਸਕਦਾ ਹੈ। ਦਰਸ਼ਕ ਹੁਣ ਇਸ ਚੀਜ਼ ਨੂੰ ਫਿਲਮ ‘ਫੁਕਰੇ’ ਤੇ ‘ਸਟੂਡੈਂਟ ਆਫ਼ ਦਿ ਯੀਅਰ’ ਵਿੱਚ ਦੇਖ ਚੁੱਕੇ ਹਨ।

ਉਸ ਨੇ ਮੰਨਿਆ ਕਿ ਉਸ ਨੇ ਹਾਸਰਸ ਅਦਾਕਾਰ ਵਜੋਂ ਕਈ ਕਿਰਦਾਰ ਨਿਭਾਏ ਜੋ ਫਿਲਮ ਤੇ ਸਮੇਂ ਦੀ ਮੰਗ ’ਤੇ ਕੀਤੀ ਗਈ ਕਾਮੇਡੀ ਸੀ। ਮਨਜੋਤ ਨੇ ਕਿਹਾ ਕਿ ਜਿਸ ਵੀ ਸਿੱਖ ਲੜਕੇ ਨੇ ਫਿਲਮ ਸਨਅਤ ਵਿੱਚ ਕੰਮ ਕਰਨ ਬਾਰੇ ਸੋਚਿਆ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮਨਜੋਤ ਸਿੰਘ ਨੇ ਕਿਹਾ ਕਿ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਸਿੱਖ, ਜਿਸ ਨੇ ਪੱਗ ਬੰਨ੍ਹੀ ਹੋਵੇ, ਰੋਮਾਂਟਿਕ ਕਿਰਦਾਰ ਨਿਭਾ ਰਿਹਾ ਹੋਵੇ, ਪਰ ਹੁਣ ਸਮਾਂ ਬਦਲ ਗਿਆ ਹੈ ਸਿੱਖਾਂ ਬਾਰੇ ਧਾਰਨਾ ਬਦਲ ਰਹੀ ਹੈ। ਅਦਾਕਾਰ ਦਿਲਜੀਤ ਦੁਸਾਂਝ ਅਤੇ ਉਸ ਨੇ ਇਸ ਧਾਰਨਾ ਨੂੰ ਬਦਲਣ ਵਿੱਚ ਬਹੁਤ ਮਿਹਨਤ ਕੀਤੀ। ਉਸ ਨੇ ਅਤੇ ਦਿਲਜੀਤ ਦੁਸਾਂਝ ਨੇ ਕਈ ਸੀਰੀਅਸ ਕਿਰਦਾਰ ਫਿਲਮਾਂ ਵਿੱਚ ਨਿਭਾਏ ਹਨ।

2017 ਵਿੱਚ ਆਈ ‘ਫੁਕਰੇ ਰਿਟਰਨਜ਼’ ਵਿੱਚ ਉਸ ਦੀ ਅਦਾਕਾਰੀ ਨੂੰ ਸਰਾਹਿਆ ਗਿਆ। ਉਸ ਨੇ ਦੱਸਿਆ ਕਿ ਇਸ ਫਿਲਮ ਲਈ ਵੱਡੀ ਗੱਲ ਇਹ ਸੀ ਕਿ ਉਸ ਫਿਲਮ ਦਾ ਦੂਜਾ ਭਾਗ ਬਣ ਰਿਹਾ ਸੀ ਜਿਸ ਦਾ ਪਹਿਲਾ ਭਾਗ ਬਹੁਤਾ ਵਧੀਆ ਨਹੀਂ ਸੀ ਮੰਨਿਆ ਗਿਆ। ਇਹ ਪ੍ਰੋਡਿਊਸਰ ਤੇ ਅਦਾਕਾਰਾਂ ਦੋਵਾਂ ਲਈ ਵੱਡੀ ਖਤਰੇ ਵਾਲੀ ਗੱਲ ਸੀ ਪਰ ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਮਾਣ ਦਿੱਤਾ।