ਨਵੀਂ ਦਿੱਲੀ: ਵਿਵਾਦਾਂ ਵਿੱਚ ਘਿਰੀ ਫ਼ਿਲਮ 'ਪਦਮਾਵਤ' ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਅੱਜ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਰ ਵੀ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੇ ਗੋਆ ਵਿੱਚ ਫ਼ਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ।
ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਵੱਖ-ਵੱਖ ਹਿੱਸਿਆਂ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰਿਆਣਾ ਵਿੱਚ ਕਈ ਥਾਈਂ ਧਾਰਾ 144 ਲਾਈ ਗਈ ਹੈ। ਜਦਕਿ, ਗੁਰੂਗ੍ਰਾਮ ਵਿੱਚ ਮਲਟੀਪਲੈਕਸ ਮਾਲਕਾਂ ਨੇ 'ਪਦਮਾਵਤ' ਦੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ।
ਬੀਤੇ ਕੱਲ੍ਹ ਗੁਰੂਗ੍ਰਾਮ ਵਿੱਚ ਕਰਨੀ ਸੈਨਾ ਨੇ ਫ਼ਿਲਮ ਵਿਰੁੱਧ ਪ੍ਰਦਰਸ਼ਨ ਦੌਰਾਨ ਸ਼ਹਿਰ ਦੇ ਨਾਮੀ ਸਕੂਲ ਦੀ ਛੋਟੇ ਵਿਦਿਆਰਥੀਆਂ ਨਾਲ ਭਰੀ ਬੱਸ 'ਤੇ ਹਮਲਾ ਕਰ ਦਿੱਤਾ ਸੀ। ਇਸ ਕਾਰਨ ਭਾਜਪਾ ਤੇ ਕੇਂਦਰ ਸਰਕਾਰ ਦੀ ਨਿੰਦਾ ਹੋ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਮਲੇ ਕਾਰਨ ਭਾਜਪਾ 'ਤੇ ਕਈ ਤਿੱਖੇ ਵਾਰ ਕੀਤੇ।
ਕਰਨੀ ਸੈਨਾ ਨੇ ਧਮਕੀ ਦਿੱਤੀ ਹੈ ਕਿ ਉਹ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਗੇ। ਇਸ ਲਈ ਉਹ ਬੀਤੇ ਕਈ ਦਿਨਾਂ ਤੋਂ ਅੱਗਜ਼ਨੀ ਤੇ ਪੱਥਰਬਾਜ਼ੀ ਦੀਆਂ ਵਾਰਦਾਤਾਂ ਕਰਦੀ ਆ ਰਹੀ ਹੈ। ਫ਼ਿਲਮ ਸਮੀਖਿਅਕਾਂ ਮੁਤਾਬਕ ਫ਼ਿਲਮ ਵਿੱਚ ਇਤਰਾਜ਼ਯੋਗ ਸਮੱਗਰੀ ਨਹੀਂ ਹੈ। ਪਦਮਾਵਤ ਦੇ ਕਲਾਕਾਰਾਂ ਤੇ ਫ਼ਿਲਮ ਜਗਤ ਦੇ ਮਾਹਰਾਂ ਨੇ ਚੰਗੇ ਪ੍ਰਦਰਸ਼ਨ ਦੀ ਆਸ ਜ਼ਾਹਰ ਕੀਤੀ ਹੈ।