ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' ਦੀ ਰਿਲੀਜ਼ ਵਿੱਚ ਸਿਰਫ਼ ਚਾਰ ਦਿਨ ਰਹਿ ਗਏ ਹਨ ਪਰ ਫ਼ਿਲਮ ਦੀਆਂ ਪ੍ਰੇਸ਼ਾਨੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਸੈਂਸਰ ਬੋਰਡ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੀ ਰਿਲੀਜ਼ ਦਾ ਰਸਤਾ ਸਾਫ਼ ਹੋਣ ਦੇ ਬਾਵਜੂਦ ਫ਼ਿਲਮ ਦਾ ਵਿਰੋਧ ਘੱਟ ਨਹੀਂ ਹੋ ਰਿਹਾ।


ਸ਼ਨੀਵਾਰ ਰਾਤ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਫ਼ਿਲਮ ਖ਼ਿਲਾਫ਼ ਪ੍ਰਦਰਸ਼ਨ ਹੋਏ। ਹਾਲਤ ਇਹ ਹੈ ਕਿ ਮਲਟੀਪਲੈਕਸ ਐਸੋਸੀਏਸ਼ਨ ਕਰਨੀ ਸੈਨਾ ਦੀ ਦਹਿਸ਼ਤ ਦਕਾਰਨ ਥਿਏਟਰਜ਼ ਵਿੱਚ ਫ਼ਿਲਮ ਵਿਖਾਉਣ ਨੂੰ ਤਿਆਰ ਨਹੀਂ। ਕਰਨੀ ਸੈਨਾ ਨਾਲ ਜੁੜੇ ਲੋਕਾਂ ਨੇ ਫ਼ਿਲਮ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਦੇ ਮੇਹਸਾਣਾ ਵਿੱਚ ਬੱਸਾਂ ਨੂੰ ਅੱਗ ਲਾ ਦਿੱਤੀ। ਇੰਨਾ ਹੀ ਨਹੀਂ ਗੱਡੀਆਂ ਨੂੰ ਵੀ ਰੋਕਿਆ ਗਿਆ। ਪੁਲਿਸ ਦੀ ਗੱਡੀ ਵੀ ਮੌਜੂਦ ਰਹੀ ਪਰ ਪ੍ਰਦਰਸ਼ਨਕਾਰੀਆਂ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ।

ਕਰਨੀ ਸੈਨਾ ਨੇ ਅਹਿਮਦਾਬਾਦ ਦੇ ਨਿਕੋਲ ਵਿੱਚ ਵੀ ਹੰਗਾਮਾ ਕੀਤਾ। ਨਿਕੋਲ ਵਿੱਚ ਕਰਨੀ ਸੈਨਾ ਦੇ ਪ੍ਰਦਰਸ਼ਨ ਦਾ ਸ਼ਿਕਾਰ ਹੰਸਰਾਜ ਸਿਨੇਮਾ ਬਣਿਆ। ਪ੍ਰਦਰਸ਼ਨਕਾਰੀਆਂ ਨੇ ਥਿਏਟਰ ਦੇ ਸ਼ੀਸ਼ੇ ਤੋੜ ਦਿੱਤੇ। ਕਰਨੀ ਸੈਨਾ ਦੇ ਕਰੀਬ 40 ਲੋਕਾਂ ਨੇ ਇੱਥੇ ਪ੍ਰਦਰਸ਼ਨ ਕੀਤਾ।