ਨਵੀਂ ਦਿੱਲੀ: ਫ਼ਿਲਮ 'ਪਦਮਾਵਤੀ' ਵਿਵਾਦਾਂ 'ਚ ਉਲਝਦੀ ਜਾ ਰਹੀ ਹੈ। ਪਿੱਛੇ ਜਿਹੇ ਯੂਪੀ ਦੇ ਮੇਰਠ 'ਚ ਅਖਿਲ ਭਾਰਤੀ ਕਸ਼ਤਰੀਆ ਮਹਾਂਸਭਾ ਦੇ ਪ੍ਰਧਾਨ ਅਭਿਸ਼ੇਕ ਸੋਮ ਨੇ ਫ਼ਿਲਮ ਦੇ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਅਤੇ ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ ਵੱਢਣ ਵਾਲੇ 'ਤੇ 5 ਕਰੋੜ ਦਾ ਇਨਾਮ ਰੱਖਿਆ ਸੀ। ਹੁਣ ਪਤਾ ਲੱਗ ਰਿਹਾ ਹੈ ਕਿ ਦੋਹਾਂ 'ਤੇ ਇਨਾਮ ਰੱਖਣ ਵਾਲੇ ਅਭਿਸ਼ੇਕ ਸੋਮ ਖਿਲਾਫ ਐਫ.ਆਈ.ਆਰ. ਦਰਜ ਕਰਵਾ ਦਿੱਤੀ ਗਈ ਹੈ।
ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀ.ਬੀ.ਐਫ.ਸੀ.) ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤੀ ਨੂੰ ਫ਼ਿਲਮਕਾਰਾਂ ਨੂੰ ਵਾਪਸ ਭੇਜ ਦਿੱਤਾ ਹੈ ਕਿਉਂਕਿ ਸਰਟੀਫਿਕੇਟ ਲਈ ਅਰਜ਼ੀ ਅਧੂਰੀ ਹੈ। ਸੀ.ਬੀ.ਐਫ.ਸੀ. ਮੁਤਾਬਕ ਜਦੋਂ ਇਸ ਦਾ ਮਸਲਾ ਹੱਲ ਹੋ ਜਾਵੇਗਾ ਫਿਰ ਇਸ ਨੂੰ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ।
ਸੀ.ਬੀ.ਐਫ.ਸੀ. ਦੇ ਇੱਕ ਅਫਸਰ ਨੇ ਦੱਸਿਆ ਕਿ ਸਰਟੀਫਿਕੇਟ ਲਈ ਫ਼ਿਲਮ ਨੂੰ ਪਿਛਲੇ ਹਫਤੇ ਭੇਜਿਆ ਗਿਆ ਸੀ। ਐਪਲੀਕੇਸ਼ਨ 'ਚ ਕੁਝ ਕਮੀਆਂ ਸਨ। ਅਸੀਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਇਨ੍ਹਾਂ ਨੂੰ ਠੀਕ ਕਰ ਕੇ ਮੁੜ ਭੇਜੋ, ਇਸ ਤੋਂ ਬਾਅਦ ਅਸੀਂ ਇਸ 'ਤੇ ਵਿਚਾਰ ਕਰਾਂਗੇ। ਇਹ ਫ਼ਿਲਮ 1 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ।