ਚੰਡੀਗੜ੍ਹ: ਅਦਾਕਾਰਾ ਕੰਗਣਾ ਰਣੌਤ ਦੀ ਸ਼ਿਕਾਇਤ ਮਗਰੋਂ ਉਸ ਨੂੰ ਧਮਕੀਆਂ ਦੇਣ ਵਾਲੇ ਬਠਿੰਡੇ ਦੇ ਸ਼ਖਸ ਖਿਲਾਫ ਕਾਰਵਾਈ ਲਈ ਪੁਲਿਸ ਹਰਕਤ ਵਿੱਚ ਆ ਗਏ ਹੈ। ਬਠਿੰਡਾ ਪੁਲਿਸ ਨੇ ਸਾਈਬਰ ਸੈੱਲ ਨੂੰ ਉਸ ਸ਼ਖ਼ਸ ਦਾ ਬਿਊਰਾ ਦਿੱਤਾ ਹੈ, ਜਿਸ ਵੱਲੋਂ ਕੰਗਣਾ ਰਣੌਤ ਨੂੰ ਧਮਕਾਇਆ ਗਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੰਗਣਾ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਕੌਣ ਹੈ ਤੇ ਉਸ ਦਾ ਪਿਛੋਕੜ ਕੀ ਹੈ।

ਪੁਲਿਸ ਅਨੁਸਾਰ ਧਮਕੀ ਦੇਣ ਵਾਲੇ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਖਾਤੇ ’ਤੇ ਆਪਣਾ ਕਾਰੋਬਾਰ ਹੋਣ ਦੀ ਗੱਲ ਦਰਜ ਕੀਤੀ ਹੋਈ ਹੈ। ਉਸ ਨੇ ਫੇਸਬੁੱਕ ਖਾਤੇ ’ਤੇ ‘ਕਿਸਾਨ ਮਜ਼ਦੂਰ ਏਕਤਾ’ ਦੀ ਪ੍ਰੋਫਾਈਲ ਤਸਵੀਰ ਵੀ ਲਾਈ ਹੋਈ ਹੈ। ਪੁਲਿਸ ਇਸ ਮਾਮਲੇ ਦੀ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੰਗਣਾ ਨੇ ਇਸ਼ਾਰਾ ਕੀਤਾ ਸੀ ਕਿ ਉਸ ਨੂੰ ਖਾਲਿਸਤਾਨ ਪੱਖੀਆਂ ਵੱਲੋਂ ਧਮਕੀਆਂ ਮਿਲੀ ਰਹੀਆਂ ਹਨ।

ਦੱਸ ਦਈਏ ਕਿ ਅਦਾਕਾਰਾ ਕੰਗਣਾ ਰਣੌਤ ਨੇ ਕਿਹਾ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਬਠਿੰਡਾ ਦੇ ਇੱਕ ਵਿਅਕਤੀ ਵੱਲੋਂ ਸ਼ਰ੍ਹੇਆਮ ਧਮਕੀ ਦਿੱਤੇ ਜਾਣ ਦੀ ਗੱਲ ਵੀ ਆਖੀ ਸੀ। ਐਕਟਰਸ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ। ਕੰਗਨਾ ਰਣੌਤ ਨੇ ਇਹ ਜਾਣਕਾਰੀ ਤੇ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ ਹੈ।

ਕੰਗਨਾ ਨੇ ਲਿਖਿਆ ਸੀ, "ਮੇਰੀ ਇਸ ਪੋਸਟ 'ਤੇ ਮੈਨੂੰ ਵਿਘਨ ਪਾਉਣ ਵਾਲੀਆਂ ਤਾਕਤਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇੱਕ ਭਾਈ ਸਾਹਿਬ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਅਜਿਹੇ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੀ। ਮੈਂ ਅੱਤਵਾਦੀਆਂ ਤੇ ਉਨ੍ਹਾਂ ਦੇ ਖਿਲਾਫ ਬੋਲਦੀ ਹਾਂ। ਦੇਸ਼ ਦੇ ਖਿਲਾਫ ਸਾਜਿਸ਼ ਰਚਣ ਵਾਲਿਆਂ ਤੇ ਅੱਤਵਾਦੀਆਂ ਖਿਲਾਫ ਹਮੇਸ਼ਾ ਬੋਲਦੀ ਰਹਾਂਗੀ। ਉਹ ਚਾਹੇ ਬੇਕਸੂਰ ਫੌਜੀਆਂ ਦੇ ਕਾਤਲ ਨਕਸਲੀ ਹੋਣ, ਟੁਕੜੇ-ਟੁਕੜੇ ਗੈਂਗ ਹੋਣ ਜਾਂ ਅੱਠਵੇਂ ਦਹਾਕੇ ਵਿੱਚ ਦੇਸ਼ ਵਿੱਚੋਂ ਪੰਜਾਬ 'ਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਕੱਟ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖਣ ਵਾਲੇ ਵਿਦੇਸ਼ਾਂ 'ਚ ਬੈਠੇ ਅੱਤਵਾਦੀ ਹੋਣ।"