ਨਵੀਂ ਦਿੱਲੀ: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਉਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਬੈਂਕਿੰਗ ਘੁਟਾਲੇ ਦੇ ਮੁਲਜ਼ਮ ਨੀਰਵ ਮੋਦੀ 'ਤੇ ਉਨ੍ਹਾਂ ਕੇਸ ਦਰਜ ਕਰਵਾਇਆ ਹੈ। ਪ੍ਰਿਅੰਕ ਨੇ ਆਪਣੇ ਬੁਲਾਰੇ ਰਾਹੀਂ ਜਾਰੀ ਬਿਆਨ ਵਿੱਚ ਕਿਹਾ, "ਮੈਂ ਕੋਈ ਕੇਸ ਦਰਜ ਨਹੀਂ ਕਰਵਾਇਆ। ਮੈਂ ਉਨ੍ਹਾਂ ਨਾਲ ਕਾਨਟ੍ਰੈਕਟ ਖਤਮ ਕਰਨ ਲਈ ਕਾਨੂੰਨੀ ਸਲਾਹ ਲੈ ਰਹੀ ਹਾਂ।"

ਆਪਣੇ ਬੁਲਾਰੇ ਰਾਹੀਂ ਪ੍ਰਿਅੰਕ ਨੇ ਕਿਹਾ, "ਕੁਝ ਖਬਰਾਂ ਆ ਰਹੀਆਂ ਹਨ ਕਿ ਮੈਂ ਨੀਰਵ ਮੋਦੀ ਖਿਲਾਫ ਕੇਸ ਦਰਜ ਕਰਵਾਇਆ ਹੈ, ਇਹ ਬਿਲਕੁਲ ਗਲਤ ਹੈ। ਹਾਲਾਂਕਿ ਨੀਰਵ ਮੋਦੀ 'ਤੇ ਘੁਟਾਲੇ ਦੇ ਇਲਜ਼ਾਮ ਲੱਗਣ ਮਗਰੋਂ ਅਸੀਂ ਨੀਰਵ ਮੋਦੀ ਬਰਾਂਡ ਨਾਲ ਆਪਣਾ ਕਰਾਰ ਖਤਮ ਕਰਨ ਲਈ ਕਾਨੂੰਨੀ ਸਲਾਹ ਲੈ ਰਹੇ ਹਾਂ।"

ਪ੍ਰਿਅੰਕਾ ਚੋਪੜਾ ਡਾਇਮੰਡ ਕਿੰਗ ਨੀਰਵ ਮੋਦੀ ਦੇ ਹੀਰਿਆਂ ਦੀ ਬਰਾਂਡ ਅੰਬੈਸਡਰ ਹੈ। ਜਦੋਂ ਨੀਰਵ 'ਤੇ ਘੁਟਾਲੇ ਨੂੰ ਲੈ ਕੇ ਸ਼ਿਕੰਜਾ ਕੱਸਣਾ ਸ਼ੁਰੂ ਹੋਇਆ ਤਾਂ ਖਬਰਾਂ ਆਈਆਂ ਸਨ ਕਿ ਪ੍ਰਿਅੰਕਾ ਨੇ ਬਕਾਏ ਪੈਸੇ ਅਦਾ ਨਾ ਕਰਨ ਨੂੰ ਲੈ ਕੇ ਨੀਰਵ ਖਿਲਾਫ ਕੇਸ ਦਰਜ ਕਰਵਾਇਆ ਹੈ। ਹੁਣ ਉਨ੍ਹਾਂ ਦੇ ਬੁਲਾਰੇ ਨੇ ਅਜਿਹੀਆਂ ਖਬਰਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।